ਝਬਾਲ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਕੋਲ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਠੱਠਾ ਵਾਲੇ ਰਸਤੇ ਉੱਪਰ ਮੁੱਖ ਸੜਕ ’ਤੇ ਬਣੇ ਗੇਟ ਨੇੜੇ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ’ਤੇ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 6 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲ਼ੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਹਾਲਾਂਕਿ ਇਸ ਹਮਲੇ ’ਚ ਦੁਕਾਨਦਾਰ ਤੇ ਗ੍ਰਾਹਕ ਵਾਲ-ਵਾਲ ਬਚੇ। ਦੱਸਿਆ ਜਾ ਰਿਹਾ ਹੈ ਕਿ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਘਟਨਾ ਸਥਾਨ ’ਤੇ ਕਰੀਬ ਅੱਧੇ ਘੰਟੇ ਬਾਅਦ ਪੁੱਜੀ। ਜਿਸ ਕਾਰਨ ਲੋਕਾਂ ’ਚ ਜਿਥੇ ਰੋਸ ਹੈ, ਉਥੇ ਹੀ ਦਿਨ-ਦਿਹਾੜੇ ਗੋਲ਼ੀਆਂ ਚੱਲਣ ਦੀ ਘਟਨਾ ਨਾਲ ਇਲਾਕੇ ’ਚ ਦਹਿਸ਼ਤ ਵੀ ਬਣੀ ਹੋਈ ਹੈ।ਜਾਣਕਾਰੀ ਦਿੰਦਿਆਂ ਸ਼ੋਅ ਰੂਮ ਸੰਚਾਲਕਾਂ ਦਲਜੀਤ ਸਿੰਘ ਪੁੱਤਰ ਗੁਰਦੀਪ ਤੇ ਪ੍ਰਿਤਪਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਠੱਠਾ ਨੇ ਦੱਸਿਆ ਕਿ ਉਨ੍ਹਾਂ ਦਾ ਕਰਮਦੀਪ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਛੇਹਰਟਾ ਨਾਲ ਬਾਬਾ ਬੁੱਢਾ ਜੀ ਗੇਟ ਦੇ ਨਜ਼ਦੀਕ ਰੈਡੀਮੇਡ ਕੱਪੜਿਆਂ ਦਾ ‘ਮਾਝੇ ਵਾਲੇ ਕਲਾਥ ਹਾਊਸ’ ਨਾਂ ਦਾ ਸ਼ੌਅ ਰੂਮ ਹੈ। ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 6 ਵਜੇ ਜਦੋਂ ਕੁਝ ਗਾਹਕ ਕੱਪੜੇ ਖ਼ਰੀਦ ਕੇ ਬਾਹਰ ਨਿਕਲੇ ਤਾਂ ਉਸ ਦੇ ਕੁਝ ਸਮੇਂ ਬਾਅਦ ਹੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਸ਼ੋਅ ਰੂਮ ਸਾਹਮਣੇ ਆ ਖੜ੍ਹੇ ਹੋਏ। ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਸ਼ੋਅ ਰੂਮ ਦੇ ਮੇਨ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਪਿਸਤੌਲ ਨਾਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲ਼ੀਆਂ ਦੀ ਆਵਾਜ਼ ਸੁਣ ਕੇ ਉਨ੍ਹਾਂ ਤੇ ਨਾਲ ਕੰਮ ਕਰਦੇ ਗੁਰਵਿੰਦਰ ਸਿੰਘ ਨੇ ਕਾਊਂਟਰਾਂ ਹੇਠਾਂ ਲੁਕ ਕੇ ਆਪਣੀਆਂ ਜਾਨਾਂ ਬਚਾਈਆਂ। ਉਕਤ ਹਥਿਆਰਬੰਦ ਨੌਜਵਾਨ ਫਾਇਰਿੰਗ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਝਬਾਲ ਵੱਲ ਨੂੰ ਫ਼ਰਾਰ ਹੋ ਗਏ। ਚਿੰਤਾ ਦਾ ਪਹਿਲੂ ਇਹ ਵੀ ਹੈ ਕਿ ਪੁਲਿਸ ਜਾਣਕਾਰੀ ਦੇਣ ਤੋਂ 30 ਮਿੰਟ ਬਾਅਦ ਘਟਨਾ ਸਥਾਨ ’ਤੇ ਪੁੱਜੀ। ਜਦਕਿ ਦੁਕਾਨ ਤੇ ਥਾਣੇ ਦਾ ਫਾਸਲਾ ਸਿਰਫ 2 ਕਿਲੋਮੀਟਰ ਦਾ ਹੈ। ਇਸ ਮੌਕੇ ਥਾਣਾ ਮੁਖੀ ਅਸ਼ੋਕ ਮੀਨਾ ਨੇ ਕਿਹਾ ਕਿ ਸਾਰੀ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਸਮਾਜ ਸੇਵੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਾਇਰਿੰਗ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਪੁਲਿਸ ਦਾ ਵਾਰਦਾਤ ਵਾਲੀ ਜਗ੍ਹਾ ’ਤੇ ਦੇਰੀ ਨਾਲ ਪੁੱਜਣਾ ਇਹ ਸਾਬਤ ਕਰਦਾ ਹੈ ਕਿ ਪੁਲਿਸ ਕਿੰਨੀ ਕੁ ਸੁਚੇਤ ਹੈ। ਜਦੋਂਕਿ ਗੋਲੀਆਂ ਚਲਾਉਣ ਵਾਲੇ ਵੀ ਝਬਾਲ ਚੌਂਕ ਵੱਲ ਨੂੰ ਹੀ ਗਏ, ਜਿੱਧਰ ਥਾਣਾ ਹੈ।