ਅੰਮ੍ਰਿਤਸਰ : ਪਹਿਲਗਾਮ ’ਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਸਫ਼ਾਰਤੀ ਰਿਸ਼ਤਿਆਂ ’ਚ ਆਈ ਕੁੜੱਤਣ ਨੇ ਪਾਕਿਸਤਾਨ ’ਚ ਵਿਆਹੀਆਂ ਭਾਰਤੀ ਧੀਆਂ ਲਈ ਵੀ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਹਮਲੇ ਦੇ ਵਿਰੋਧ ’ਚ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਏ ਸਾਰੇ ਲੋਕਾਂ ਨੂੰ ਵਾਪਸ ਪਰਤਣ ਦੇ ਹੁਕਮ ਮਗਰੋਂ ਸ਼ੁੱਕਰਵਾਰ ਨੂੰ ਜਦੋਂ ਇਹੋ ਜਿਹੀਆਂ ਕਈ ਔਰਤਾਂ ਪਾਕਿਸਤਾਨ ਜਾਣ ਲਈ ਅਟਾਰੀ ਬਾਰਡਰ ’ਤੇ ਪੁੱਜੀਆਂ ਤਾਂ ਉਨ੍ਹਾਂ ਨੂੰ ਇਸ ਲਈ ਰੋਕ ਲਿਆ ਗਿਆ ਕਿ ਉਹ ਪਾਕਿਸਤਾਨੀ ਨਹੀਂ ਹਨ। ਜਿਨ੍ਹਾਂ ਭਾਰਤੀ ਔਰਤਾਂ ਕੋਲ ਪਾਕਿਸਤਾਨੀ ਪਾਸਪੋਰਟ ਸੀ, ਜਾਂ ਜਿਨ੍ਹਾਂ ਦੇ ਬੱਚਿਆਂ ਕੋਲ ਪਾਕਿਸਤਾਨੀ ਪਾਸਪੋਰਟ ਸੀ ਸਿਰਫ਼ ਉਨ੍ਹਾਂ ਨੂੰ ਸਰਹੱਦ ਪਾਰ ਜਾਣ ਦਿੱਤਾ ਗਿਆ। ਪਾਕਿਸਤਾਨ ਜਾਣ ਤੋਂ ਰੋਕੇ ਜਾਣ ’ਤੇ ਇਨ੍ਹਾਂ ਔਰਤਾਂ ਨੇ ਚੈੱਕ ਪੋਸਟ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ ਤੇ ਉੱਥੇ ਬੈਠੇ ਰਹਿਣ ਦੀ ਧਮਕੀ ਦੇ ਕੇ ਆਪਣਾ ਵਿਰੋਧ ਦਰਜ ਕਰਾਇਆ। ਪਰ ਇਸ ਦੇ ਬਾਵਜੂਦ ਜਦੋਂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਾ ਤਾਂ ਉਨ੍ਹਾਂ ਨੂੰ ਆਪਣੇ ਪੇਕੇ ਘਰ ਪਰਤਣਾ ਪਿਆ।ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਜਾਣ ਤੇ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਵੱਡੀ ਗਿਣਤੀ ’ਚ ਪਾਕਿਸਤਾਨ ਪਰਤਣ ਵਾਲੇ ਨਾਗਰਿਕ ਅਟਾਰੀ ਸਰਹੱਦ ’ਤੇ ਪੁੱਜੇ। ਇਨ੍ਹਾਂ ’ਚ ਪਾਕਿਸਤਾਨ ’ਚ ਵਿਆਹੀਆਂ ਉਹ ਭਾਰਤੀ ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਕੋਲ ਪਾਕਿਸਤਾਨ ਨਾਗਰਿਕਤਾ ਨਹੀਂ ਸੀ। ਉਹ ਅਜੇ ਵੀ ਭਾਰਤੀ ਨਾਗਰਿਕ ਹਨ ਤੇ ਨੂਰੀ ਵੀਜ਼ੇ ’ਤੇ ਆਪਣੇ ਪੇਕਿਆਂ ਨੂੰ ਮਿਲਣ ਲਈ ਭਾਰਤ ਆਈਆਂ ਸਨ। ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸਨ। ਇੱਥੇ ਸੁਰੱਖਿਆ ਏਜੰਸੀਆਂ ਨੇ ਸਰਕਾਰ ਦੇ ਨਿਰਦੇਸ਼ ਇੰਟੇਗ੍ਰੇਟਿਡ ਚੈਕ ਪੋਸਟ (ਆਈਪੀਸੀ) ’ਤੇ ਇਨ੍ਹਾਂ ਨੂੰ ਰੋਕ ਲਿਆ। ਅਧਿਕਾਰੀਆਂ ਨੇ ਸਿਰਫ਼ ਉਨ੍ਹਾਂ ਔਰਤਾਂ, ਜਿਨ੍ਹਾਂ ਦੇ ਬੱਚਿਆਂ ਕੋਲ ਪਾਕਿਸਤਾਨ ਦਾ ਵੀਜ਼ਾ ਤੇ ਪਾਸਪੋਰਟ ਸੀ, ਨੂੰ ਹੀ ਸਰਹੱਦ ਪਾਰ ਜਾਣ ਦਿੱਤਾ। ਜਦਕਿ ਭਾਰਤੀ ਨਾਗਰਿਕਤਾ ਵਾਲੀਆਂ ਔਰਤਾਂ ਨੂੰ ਰੋਕ ਲਿਆ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਆਦੇਸ਼ ਹਨ ਕਿ ਭਾਰਤੀ ਪਾਸਪੋਰਟ ਵਾਲਿਆਂ ਨੂੰ ਪਾਕਿਸਤਾਨ ਨਾ ਜਾਣ ਦਿੱਤਾ ਜਾਏ ਇਸ ਲਈ ਇਨ੍ਹਾਂ ਨੂੰ ਰੋਕਿਆ ਗਿਆ। ਸਹੁਰੇ ਜਾਣ ਤੋਂ ਅਚਾਨਕ ਰੋਕੀਆਂ ਜਾਣ ਵਾਲੀਆਂ ਇਨ੍ਹਾਂ ਔਰਤਾਂ ਦੀ ਗਿਣਤੀ ਕਰੀਬ ਇਕ ਦਰਜਨ ਸੀ।
ਭਾਰਤੀ ਬੇਟੀਆਂ, ਪਾਕਿਸਤਾਨੀ ਪਤਨੀਆਂ
ਜੋਧਪੁਰ ਦੀ ਅਫਸੀਨ : ਰਾਜਸਥਾਨ ਦੇ ਜੋਧਪੁਰ ਦੀ ਅਫਸੀਨ ਜਹਾਂਗੀਰ ਨੇ ਦੱਸਿਆ ਕਿ ਉਸਦਾ ਵਿਆਹ ਕਰਾਚੀ ’ਚ ਹੋਇਆ ਹੈ। ਬੱਚੇ ਪਾਕਿਸਤਾਨੀ ਨਾਗਰਿਕ ਹਨ। ਬੱਚਿਆਂ ਨੂੰ ਤਾਂ ਬਾਰਡਰ ਪਾਰ ਜਾਣ ਦਿੱਤਾ ਗਿਆ ਪਰ ਉਸਨੂੰ ਰੋਕ ਲਿਆ ਗਿਆ।
ਦਿੱਲੀ ਦੀ ਅਰੂਦਾ : ਦਿੱਲੀ ਦੀ ਅਰੂਦਾ ਨੇ ਦੱਸਿਆ ਕਿ ਉਸਦਾ ਵਿਆਹ 20 ਸਾਲ ਪਹਿਲਾਂ ਪਾਕਿਸਤਾਨ ’ਚ ਹੋਇਆ ਸੀ। ਉਸਦੇ ਦੋ ਬੱਚੇ ਹਨ ਜਿਹੜੇ ਪਾਕਿਸਤਾਨੀ ਨਾਗਰਿਕ ਹਨ। ਅਰੂਦਾ ਦੇ ਪਰਿਵਾਰ ਵਾਲੇ ਉਸਨੂੰ ਲੈਣ ਲਾਹੌਰ ਤੋਂ ਵਾਹਗਾ ਬਾਰਡਰ ’ਤੇ ਆਏ ਹੋਏ ਸਨ। ਅਰੂਦਾ ਇਕ ਮਹੀਨੇ ਲਈ ਆਪਣੇ ਮਾਂ-ਬਾਪ ਨੂੰ ਮਿਲਆ ਭਾਰਤ ਆਈ ਸੀ। 27 ਅਪ੍ਰੈਲ ਦੀ ਵਾਪਸੀ ਦੀ ਟਿਕਟ ਸੀ, ਪਰ ਹਾਲਾਤ ਦੇਖ ਕੇ ਚਾਰ ਦਿਨ ਪਹਿਲਾਂ ਹੀ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਬਾਰਡਰ ’ਤੇ ਰੋਕ ਦਿੱਤੀ ਗਈ।
ਦਿੱਲੀ ਦੀ ਸ਼ਨੀਜਾ : ਸ਼ਨੀਜਾ ਨੇ ਦੱਸਿਆ ਕਿ ਉਸਦਾ ਵਿਆਹ 15 ਸਾਲ ਪਹਿਲਾਂ ਕਰਾਚੀ ’ਚ ਹੋਇਆ ਸੀ। ਉਹ ਵੀ ਦਿੱਲੀ ਆਪਣੇ ਮਾਂ-ਬਾਪ ਨੂੰ ਮਿਲਣ ਆਈ ਸੀ ਪਰ ਹੁਣ ਜਦੋਂ ਉਹ ਵਾਪਸ ਪਾਕਿਸਤਾਨ ਪਰਤਣਾ ਚਾਹੁੰਦੀ ਸੀ ਤਾਂ ਉਸਨੂੰ ਅਟਾਰੀ ਬਾਰਡਰ ’ਤੇ ਰੋਕ ਲਿਆ ਗਿਆ। ਉਸਦਾ ਕਹਿਣਾ ਹੈ ਕਿ ਉਸਨੇ ਪਾਕਿ ਨਾਗਰਿਕਤਾ ਲਈ ਉੱਥੇ ਅਪਲਾਈ ਕੀਤਾ ਹੋਇਆ ਹੈ, ਉਸਦਾ ਪਤੀ ਵਾਹਗਾ ਬਾਰਡਰ ’ਤੇ ਵੀਰਵਾਰ ਤੋਂ ਇੰਤਜ਼ਾਰ ਕਰ ਰਿਹਾ ਸੀ।
90 ਦਿਨਾਂ ਦਾ ਹੁੰਦਾ ਹੈ ਨੂਰੀ ਵੀਜ਼ਾ
ਭਾਰਤ ’ਚ ਲੰਬੇ ਸਮੇਂ ਤੱਕ ਵੀਜ਼ੇ ’ਤੇ ਰਹਿਣ ਲਈ ਪਾਕਿਸਤਾਨੀ ਤੇ ਬੰਗਲਾਦੇਸ਼ੀ ਨਾਗਰਿਕਾਂ ਲਈ ਭਾਰਤ ਸਰਕਾਰ ਨੂਰੀ ਵੀਜ਼ਾ ਜਾਰੀ ਕਰਦੀ ਹੈ। ਨੂਰੀ ਵੀਜ਼ਾ ਖਾਸ ਤੌਰ ’ਤੇ ਉਨ੍ਹਾਂ ਔਰਤਾਂ ਨੂੰ ਜਾਰੀ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਵਿਆਹ ਪਾਕਿਸਤਾਨ ’ਚ ਹੋਇਆ ਹੈ ਤੇ ਉਨ੍ਹਾਂ ਕੋਲ ਭਾਰਤੀ ਨਾਗਰਿਕਤਾ ਤਾਂ ਹੁੰਦੀ ਹੈ ਪਰ ਪਾਕਿਸਤਾਨੀ ਨਾਗਰਿਕਤਾ ਨਹੀਂ, ਅਜਿਹੇ ’ਚ ਉਨ੍ਹਾਂ ਨੂੰ ਭਾਰਤ ’ਚ ਆਪਮੇ ਪੇਕੇ ਵਾਲਿਆਂ ਨੂੰ ਮਿਲਣ ਲਈ ਇਹ ਵੀਜ਼ਾ ਮਿਲਦਾ ਹੈ। ਇਸਦੀ ਵੱਧ ਤੋਂ ਵੱਧ ਮਿਆਦ 90 ਦਿਨਾਂ ਦੀ ਹੁੰਦੀ ਹੈ। ਸਮਾਂ ਵਧਾਇਆ ਵੀ ਜਾ ਸਕਦਾ ਹੈ। ਇਸੇ ਤਰ੍ਹਾਂ, ਪਾਕਿਸਤਾਨ ਵੀ ਆਪਣੇ ਉਨਵਾਂ ਲੋਕਾਂ ਨੂੰ ਇਹ ਵੀਜ਼ਾ ਜਾਰੀ ਕਰਦਾ ਹੈ ਜਿਨ੍ਹਾਂ ਦਾ ਵਿਆਹ ਭਾਰਤ ’ਚ ਹੋਇਆ ਹੈ ਪਰ ਉਨ੍ਹਾਂ ਦੀ ਪਾਕਿ ਨਾਗਰਿਕਤਾ ਨਹੀਂ ਹੁੰਦੀ। ਪਹਿਲਗਾਮ ਹਮਲੇ ਦੇ ਬਾਅਦ ਸਰਕਾਰ ਨੇ ਨੂਰੀ ਵੀਜ਼ਾ ਵਾਲਿਆਂ ਦੀ ਵੀ ਵਾਪਸੀ ਰੱਦ ਕਰ ਦਿੱਤੀ ਹੈ।
ਭਾਰਤ-ਪਾਕਿ ਨਾਗਰਿਕਾਂ ਦੀ ਵਤਨ ਵਾਪਸੀ, 191 ਲੋਕ ਗਏ, 287 ਪਰਤੇ
ਅੰਮਿ੍ਰਤਸਰ : ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਪਾਕਿਸਤਾਨੀ ਨਾਗਰਿਕਾਂ ਦਾ ਵਤਨ ਪਰਤਣ ਦਾ ਸਿਲਸਿਲਾ ਜਾਰੀ ਰਿਹਾ। ਸ਼ੁੱਕਰਵਾਰ ਨੂੰ 191 ਪਾਕਿ ਨਾਗਰਿਕ ਅਟਾਰੀ ਬਾਰਡਰ ਦੇ ਰਸਤੇ ਆਪਣੇ ਵਤਨ ਵਾਪਸ ਗਏ। 287 ਭਾਰਤੀ ਵੀ ਪਾਕਿਸਤਾਨ ਤੋਂ ਵਾਪਸ ਪਰਤੇ। ਵੀਰਵਾਰ ਨੂੰ 105 ਭਾਰਤੀ ਪਾਕਿਸਤਾਨ ਤੋਂ ਭਾਰਤ ਆਏ ਸਨ ਜਦਕਿ 28 ਪਾਕਿਸਤਾਨੀ ਭਾਰਤ ਤੋਂ ਆਪਣੇ ਵਤਨ ਪਰਤੇ ਸਨ।