ਭਾਈ ਅਵਤਾਰ ਸਿੰਘ ਖੰਡਾ ਨਮਿਤ ਸ਼ਹੀਦੀ ਸਮਾਗਮ 20 ਅਗਸਤ ਨੂੰ ਮੋਗਾ ਵਿਖੇ ਹੋਣਗੇ
ਨਵੀਂ ਦਿੱਲੀ 18 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਈ ਅਵਤਾਰ ਸਿੰਘ ਖੰਡਾ ਜੋ ਕਿ ਲੰਬੇ ਸਮੇਂ ਤੋਂ ਇੰਗਲੈਂਡ ਵਿਖੇ ਰਹਿ ਰਹੇ ਸਨ, ਬੀਤੀ 15 ਜੂਨ ਨੂੰ ਇੰਗਲੈਂਡ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਸੰਗਤਾਂ ਵਿੱਚ ਡੂੰਘਾ ਰਹੱਸ ਬਣਿਆ ਹੋਇਆ ਹੈ। ਹਰ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਛਿੱਕੇ' ਤੇ ਟੰਗਣ ਦੇ ਨਾਲ ਧਾਰਾ 21 ਦੀ ਉਲੰਘਣਾ ਕਰਦਿਆਂ ਭਾਈ ਅਵਤਾਰ ਸਿੰਘ ਦੀ ਮਾਤਾ ਬੀਬੀ ਚਰਨਜੀਤ ਕੌਰ ਅਤੇ ਉਸ ਦੀ ਭੈਣ ਨੂੰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਵਾਸਤੇ ਇੰਗਲੈਂਡ ਜਾਣ ਲਈ ਵੀਜ਼ਾ ਨਹੀਂ ਦਿੱਤਾ ਗਿਆ, ਤੇ ਨਾ ਹੀ ਉਨ੍ਹਾਂ ਦੀ ਦੇਹ ਨੂੰ ਹਿੰਦੁਸਤਾਨ ਲੈ ਕੇ ਆਉਣ ਦੀ ਇਜਾਜਤ ਦਿੱਤੀ ਗਈ । ਅਦਾਲਤੀ ਕਾਰਵਾਈ ਦੇ ਲੰਮੇਂ ਇੰਤਜ਼ਾਰ ਤੋਂ ਬਾਅਦ ਯੂਕੇ ਦੀਆਂ ਸੰਗਤਾਂ ਨੇ 12 ਅਗਸਤ ਨੂੰ ਭਾਈ ਅਵਤਾਰ ਸਿੰਘ ਖੰਡਾ ਦੇ ਜਿੱਥੇ ਅੰਤਿਮ ਸਸਕਾਰ ਕੀਤਾ, ਜੋ ਕਿ ਪਹਿਲਾਂ 5 ਅਗਸਤ ਨੂੰ ਹੋਣਾ ਸੀ ਪਰ ਮਾਤਾ ਜੀ ਦੀ ਬੇਨਤੀ ਤੇ ਤਰੀਕ ਬੱਦਲ ਦਿੱਤੀ ਗਈ ਸੀ, ਸ਼ਰਧਾਂਜਲੀ ਸਮਾਰੋਹ ਦੀਆਂ ਰਸਮਾਂ ਨਿਭਾਈਆਂ, ਬਹੁਤ ਸਾਰੇ ਦੇਸ਼ਾਂ ਦੇ ਸਿੱਖ ਆਗੂਆਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ ਅਤੇ ਭਾਰੀ ਇਕੱਠ ਹੋਇਆ। ਪਰ ਅੱਜ ਤੱਕ ਵੀ ਬਰਤਾਨੀਆ ਸਰਕਾਰ ਨੇ ਪਰਿਵਾਰ ਨੂੰ ਵੀਜ਼ਾ ਨਾ ਜਾਰੀ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ, ਜਿਸ ਕਾਰਨ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਮਾਤਾ ਚਰਨਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਦੇ ਪੁੱਤ ਭਾਈ ਅਵਤਾਰ ਸਿੰਘ ਖੰਡਾ ਨਮਿਤ 20 ਅਗਸਤ ਨੂੰ ਗੁਰਦੁਆਰਾ ਗੁਰੂ ਪਾਤਸ਼ਾਹੀ ਛੇਵੀਂ, ਬੁਕਣਵਾਲਾ ਰੋਡ, ਮੋਗਾ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਸ਼ਹੀਦੀ ਸਮਾਗਮ ਸਮਾਰੋਹ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਰਾਗੀ ਜਥਾ ਕੀਰਤਨ ਦੀ ਸੇਵਾ ਨਿਭਾਵੇਗਾ। ਇਲਾਕਾ ਨਿਵਾਸੀ ਸੰਗਤਾਂ ਤੋਂ ਇਲਾਵਾ ਪੰਥ ਦੀਆਂ ਸਮੂਹ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਇਸ ਸਮਾਗਮ ਵਿੱਚ ਪਹੁੰਚਣ ਦੀ ਉੱਮੀਦ ਹੈ । ਮਾਤਾ ਚਰਨਜੀਤ ਕੌਰ ਵੱਲੋਂ ਸਭ ਸੰਗਤਾਂ ਨੂੰ ਪਹੁੰਚਣ ਦੀ ਸਨਿਮਰ ਬੇਨਤੀ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਜਿਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ 1992 ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਪੁੱਤ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਵਿਚ ਵੀਂ ਯੂਕੇ ਦੀਆਂ ਸਿੱਖ ਜਥੇਬੰਦੀਆਂ ਵਲੋਂ ਹਿੰਦੁਸਤਾਨੀ ਏਜੰਸੀਆਂ ਦੇ ਹੱਥ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਗਈ ਹੈ ।