ਜਜ਼ਬਾ: ਮੇਰੀ ਜ਼ੁਬਾਨ ਮੇਰੀ ਪਹਿਚਾਣ
ਹਮਿਲਟਨ ਵਿਖੇ ਮਨਾਏ ਗਏ ‘ਚੌਥੇ ਪੰਜਾਬੀ ਭਾਸ਼ਾ ਹਫ਼ਤੇ’ ਮੌਕੇ ਬੱਚਿਆਂ ਨੇ ਖੱਟੀ ਵਾਹ-ਵਾਹ!
- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਨੀਰੀ ਨੂੰ ਵਾਇਕਾਟੋ ਸ਼ਹੀਦ ਏ ਆਜ਼ਿਮ ਸ. ਭਗਤ ਸਿੰਘ ਟ੍ਰਸਟ ਵੱਲੋਂ ਹੋਰ ਹਰਿਆ ਭਰਿਆ ਕੀਤਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 12 ਨਵੰਬਰ 2023:-ਪ੍ਰਸਿੱਧ ਗਾਇਕ ਗੁਰਕ੍ਰਿਪਾਲ ਸੂਰਾਂਪੁਰੀ ਦਾ ਇਕ ਗੀਤ ਹੈ ਕਿ ‘ਕਿਹਦੇ ਕੋਲ ਅੱਜ ਕੱਲ੍ਹ ਟਾਈਮ ਟਾਈਮ ਤਾਂ ਕੱਢਣਾ ਹੀ ਪੈਂਦਾ ਏ’। ਵਿਦੇਸ਼ਾਂ ਦੇ ਵਿਚ ਆਪਣੇ ਕੰਮਾਂ ਲਈ ਤਾਂ ਸਾਰੇ ਟਾਈਮ ਕੱਢਦ ਹਨ ਪਰ ਕਿਸੇ ਲਈ ਜਾਂ ਆਪਣੀ ਕਮਿਊਨਿਟੀ ਦੇ ਵਿਚ ਸਮਾਜਿਕ ਕਾਰਜਾਂ ਲਈ ਖਾਸ ਕਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਲਈ ਸਮਾਂ ਕੱਢ ਕੇ ਬੱਚਿਆਂ ਨੂੰ ਇਸ ਪਾਸੇ ਲਾਉਣਾ ਵੱਡੀ ਸੇਵਾ ਹੈ। ਇਸ ਸੇਵਾ ਦਾ ਪ੍ਰਤੱਖ ਰੂਪ ਅੱਜ ਹਮਿਲਟਨ ਵਿਖੇ ‘ਵਾਇਕਾਟੋ ਸ਼ਹੀਦ ਏ ਆਜ਼ਿਮ ਸ. ਭਗਤ ਸਿੰਘ ਚੈਰੀਟੇਬਲ ਟ੍ਰਸਟ’ ਦੇ ਸਾਰੇ ਮੈਂਬਰਾਂ ਦੇ ਉਤਸ਼ਾਹ ਵਿਚ ਪ੍ਰਗਟ ਹੋਇਆ। ਅੱਜ ਕਿੰਗ ਸਟ੍ਰੀਟ ਉਤੇ ਗੋਰਿਆਂ ਦੇ ਇਕ ਹਾਲ ਦੇ ਵਿਚ ‘ਚੌਥਾ ਪੰਜਾਬੀ ਭਾਸ਼ਾ ਹਫ਼ਤਾ’ ਬੜੇ ਉਤਸ਼ਾਹ ਅਤੇ ਜ਼ਜਬੇ ਨਾਲ ਮਨਾਇਆ ਗਿਆ। ਦੋ ਦਰਜਨ ਦੇ ਕਰੀਬ ਬੱਚਿਆਂ ਦੀਆਂ ਸਟੇਜ ਸਰਗਰਮੀਆਂ ਨੇ ਜਿੱਥੇ ਵਾਹ-ਵਾਹ ਖੱਟੀ ਉਥੇ ਟ੍ਰਸਟ ਦੇ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਨੀਰੀ ਨੂੰ ਹੋਰ ਹਰਿਆ-ਭਰਿਆ ਕਰ ਲਿਆ।
ਚੌਥੇ ਪੰਜਾਬੀ ਹਫਤੇ ਨੂੰ ਕਾਮਯਾਬ ਕਰਨ ਲਈ ਟਰੱਸਟ ਦੀ ਟੀਮ ਜਰਨੈਲ ਸਿੰਘ ਰਾਹੋਂ, ਕਮਲਜੀਤ ਕੌਰ ਸੰਘੇੜਾ, ਮਨਜੀਤ ਸਿੰਘ, ਸੰਦੀਪ ਕਲਸੀ, ਸਿਮਰਤ ਕੌਰ ਗੁਰਾਇਆਂ, ਹਰਗੁਣਜੀਤ ਸਿੰਘ, ਹਰਜੀਤ ਕੌਰ, ਨਵਜੋਤ ਕੌਰ ਮਹਿਰੋਕ, ਜਸਪ੍ਰੀਤ ਕੌਰ, ਰੀਹਾ ਸੂਦ, ਜਸਨੀਤ ਜੱਸੀ, ਸੰਦੀਪ ਕੌਰ ਸੰਧੂ, ਨੂਰ ਗੁਰਾਇਆਂ, ਪ੍ਰਿਆ ਬਿਰਲਾ, ਗੁਰਬਾਜ ਸਿੰਘ ਸੇਖੂਪੁਰੀਆ, ਸ਼ਮਿੰਦਰ ਗੁਰਾਇਆਂ, ਹਰੀਸ਼ ਬਿੱਰਲਾ, ਸਰਵਜੀਤ ਸਿੰਘ ਸੇਖੂਪੁਰੀਆ ਨੇ ਵੱਡੀ ਮਿਹਨਤ ਕੀਤੀ।
ਜਸਵਿੰਦਰ ਸਿੰਘ ਜੇ.ਬੀ. ਪ੍ਰਧਾਨ ਸੀਨੀਅਰ ਸਿਟੀਜਨ ਐਸੋਸੀਅੇਸ਼ਨ, ਪਾਲੀ ਸੰਧੂ, ਗੁਰਮੁੱਖ ਸਿੰਘ ਸਹੋਤਾ, ਗਗਨ ਜਟਾਣਾ, ਜਸਮੀਤ ਸਿੰਘ ਬਾਜਵਾ, ਤੀਰਥ ਸਿੰਘ ਸੰਧਰ, ਸੁਖਰਾਜ ਸਿੰਘ ਛੀਨਾ, ਹਰੀਸ਼ ਬਿੱਰਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਥੇਮਜ ਤੋ ਡੀ ਜੇ ਦੀ ਸੇਵਾ ਲਈ ਜੋਰਾਵਰ ਸਿੰਘ ਤੇ ਜਸਪਰੀਤ ਕੌਰ ਦੇ ਕੰਮ ਨੂੰ ਸਲਾਹਿਆ ਗਿਆ। ਦਰਸ਼ਕਾਂ ਲਈ ਚਾਹ-ਪਾਣੀ ਦਾ ਪ੍ਰਬੰਧ ਮਿਠਾਈ ਵਾਲਾ ਹਮੈਲਟਿੱਨ ਦੇ ਵਿਸ਼ਾਲ ਸੋਲੰਕੀਂ ਵੱਲੋਂ ਕੀਤਾ ਗਿਆ। ਨਿਊਜ਼ੀਲੈਂਡ ਵਿੱਚ ਪੰਜਾਬੀ ਹਫ਼ਤੇ ਦੀ ਸ਼ੁਰੂਆਤ ਕਰਨ ਵਾਲੇ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੂੰ ਸ਼ਪੈਸ਼ਲ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਦੇ ਵਿਚ ਪੰਜਾਬੀ ਭਾਸ਼ਾ ਦੀ ਆਰੰਭਤਾ ਉਤੇ ਇਕ ਪਰਚਾ ਪੜਿ੍ਹਆ ਅਤੇ ਪ੍ਰਬੰਧਕਾਂ ਨੂੰ ਸਫਲ ਪ੍ਰੋਗਰਾਮ ਲਈ ਵਧਾਈ ਦਿੱਤੀ।
ਰੇਡੀਓ ਸਪਾਈਸ ਤੋ ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਵਰਲਡ ਵਾਈਡ ਇਮੀਗਰੇਸ਼ਨ ਤੋਂ ਸ. ਸੰਨੀ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਕੀਤੇ ਗਏ ਇਸ ਪ੍ਰੋਗਰਾਮ ਦੀ ਸਫਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਨ੍ਹਾਂ ਸਖਸ਼ੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਜੱਸੀ, ਨਿਹਾਲ, ਪ੍ਰਭਗੁਣ ਟੀਮ ਦਾ ਭੰਗੜਾ ਇਸ ਸਮਾਗਮ ਦੀ ਸ਼ਾਨ ਹੋ ਨਿਬੜਿਆ। ਪੰਜਾਬੀ ਸਭਿਆਚਾਰ ਦੀ ਗੱਲ ਹੋਈ, ਪੰਜਾਬੀ ਪਹਿਰਾਵੇ ਦੀ ਗੱਲ ਹੋਈ, ਧਾਰਮਿਕ ਰਵਾਇਤਾਂ ਅਤੇ ਸਿੱਖ ਇਤਿਹਾਸ ਦਾ ਵਰਨਣ ਹੋਇਆ, ਪੰਜਾਬੀ ਪੈਂਤੀ, ਦਿਨ ਤੇ ਵਾਰ, ਰੰਗਾਂ ਦੀ ਕਰਕੇ ਬੱਚਿਆਂ ਨੇ ਪ੍ਰੋਗਰਾਮ ਸਤਰੰਗਾ ਬਣਾ ਦਿੱਤਾ।
ਸਟੇਜ ਦੀ ਕਾਰਵਾਈ ਪੰਜਾਬੀ ਅਧਿਆਪਕ ਵਜੋਂ ਕਲੱਬ ਦੇ ਵਿਚ ਸੇਵਾ ਕਰ ਰਹੀ ਬੀਬਾ ਹਰਜੀਤ ਕੌਰ ਨੇ ਬਾਖੂਬੀ ਚਲਾਈ। ਸ. ਜਰਨੈਲ ਸਿੰਘ ਰਾਹੋਂ ਨੇ ਸਮੇਂ-ਸਮੇਂ ਤੇ ਉਹਨਾਂ ਦਾ ਸਾਥ ਦਿੱਤਾ ਸਾਰੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ, ਤਮਗੇ ਅਤੇ ਸੌਗਾਤਾਂ ਨਾਲ ਭਰੇ ਬੈਗ ਦੇ ਕੇ ਸਨਮਾਨਿੱਤ ਕੀਤਾ ਗਿਆ। ਰੇਡੀਓ ਸਪਾਈਸ ਦੇ ਹਮਿਲਟਨ ਤੋਂ ਪ੍ਰਤੀਨਿਧ ਹੈਰੀ ਭਲੂਰ ਦਾ ਵੀ ਵੱਡਾ ਯੋਗਦਾਨ ਰਿਹਾ। ਪਾਲੀ ਸੰਧੂ, ਗੁਰਮੁੱਖ ਸਹੋਤਾ, ਹਮਲਟਿੱਨ ਟੈਕਸੀ ਸੁਸਾਈਟੀ ਦੇ ਚੇਅਰਮੈਨ ਜਿੰਦੀਂ ਔਜਲਾ ਮੁਠੱਡਾ, ਗਗਨ ਜਟਾਣਾ ਹੋਰਾਂ ਨੇ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਸਾਰੇ ਵੀਰਾਂ, ਭੈਣਾਂ ਦਾ ਧੰਨਵਾਦ ਕਰਨ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।