ਦਸਤਾਰ ਸਾਡੀ ਪਹਿਚਾਣ-ਫੋਰਸ ਫਾਰ ਨਿਊਜ਼ੀਲੈਂਡ
18 ਸਾਲਾ ਜਪਮਨ ਸਿੰਘ ਸਿੱਧੂ ਨਿਊਜ਼ੀਲੈਂਡ ਫੌਜ ’ਚ ਭਰਤੀ-ਪਾਸਿੰਗ ਪ੍ਰੇਡ ਵੇਲੇ ਵੱਖਰੀ ਸੀ ਪਹਿਚਾਣ
-ਟ੍ਰੇਨਿੰਗ ਦੌਰਾਨ 36 ਘੰਟੇ ਦਾ ਫਾਕਾ ਵੀ ਕੱਟਿਆ ਪਰ ਸੁਪਨਾ ਪੂਰਾ ਕਰ ਲਿਆ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 08 ਜੂਨ 2024:-ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਅਤਿਅੰਤ ਖੁਸ਼ੀ ਹੋਵੇਗੀ ਕਿ ਇਥੇ ਜਨਮੀ ਪੰਜਾਬੀਆਂ ਦੀ ਪੀੜ੍ਹੀ ਦੇਸ਼ ਦੇ ਵਕਾਰੀ ਵਿਭਾਗਾਂ ਦੇ ਵਿਚ ਆਪਣੀ ਕਾਬਲੀਅਤ ਅਤੇ ਕੁਝ ਕਰਨ ਦੇ ਜ਼ਜਬੇ ਨਾਲ ਅੱਗੇ ਵਧ ਰਹੀ ਹੈ, ਜਿਸ ਨੂੰ ਕੌਮਾਂਤਰੀ ਪੱਧਰ ਉਤੇ ਪਹਿਚਾਣ ਵੀ ਮਿਲਦੀ ਹੈ। ਸਿੱਖੀ ਸਰੂਪ ਦੇ ਵਿਚ ਹੁੰਦਿਆਂ ਜੇਕਰ ਕੋਈ ਅੱਗੇ ਨਿਕਲਦਾ ਹੈ ਤਾਂ ਇਹ ਆਪਣੇ ਵਿਰਸੇ ਦੇ ਵਿਚ ਰਹਿ ਕੇ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਦੀ ਉਦਾਹਰਣ ਹੋ ਨਿਬੜਦਾ ਹੈ। ਅਜਿਹੀ ਹੀ ਉਦਾਹਰਣ ਇਥੇ ਦੇ ਜੰਮਪਲ ਪੰਜਾਬੀ ਮੂਲ ਦੇ ਨੌਜਵਾਨ 18 ਸਾਲਾ ਜਪਮਨ ਸਿੰਘ ਸਿੱਧੂ ਨੇ ਪੇਸ਼ ਕੀਤੀ ਹੈ। ਆਪਣੇ ਭਾਈਚਾਰੇ ਦੇ ਵਿਚੋਂ ਸ਼ਾਇਦ ਇਹ ਸਭ ਤੋਂ ਘੱਟ ਉਮਰ ਦਾ ਸਿੱਖ ਬੱਚਾ ਹੋਵੇਗਾ ਜਿਸ ਨੇ ਨਿਊਜ਼ੀਲੈਂਡ ਫੌਜ ਦੇ ਵਿਚ ਟ੍ਰੇਨਿੰਗ ਲੈ, ਬੀਤੇ ਕੱਲ੍ਹ ਪਾਸਿੰਗ ਪ੍ਰੇਡ ਦੇ ਵਿਚ ਸਥਾਨਕ ਅਤੇ ਭਾਈਚਾਰੇ ਦਾ ਧਿਆਨ ਖਿੱਚਿਆ। ਸੁੰਦਰ ਦਸਤਾਰ ਦੇ ਉਤੇ ਆਰਮੀ ਦਾ ਲੋਗੋ ਵੱਖਰੀ ਚਮਕ ਬਿਖੇਰ ਰਿਹਾ ਸੀ ਤੇ ਵੱਖਰੀ ਪਹਿਚਾਣ ਪ੍ਰਗਟ ਕਰਦਿਆਂ ਦਸਤਾਰ ਦਾ ਮਾਣ ਹੋਰ ਦੁੱਗਣਾ ਕਰ ਰਿਹਾ ਸੀ। ਉਸਦੀ 4 ਮਹੀਨੇ ਦੀ ਸਖ਼ਤ ਟ੍ਰੇਨਿੰਗ ਦਾ ਹੀ ਹਿੱਸਾ ਸੀ ਕਿ ਉਸਨੇ 36 ਘੰਟੇ ਦਾ ਫਾਕਾ ਕੱਟ ਕੇ ਆਪਣਾ ਕੋਰਸ ਪੂਰਾ ਕੀਤਾ ਅਤੇ ਆਪਣੇ ਸੁਪਨਿਆਂ ਨੂੰ ਸਫਲਤਾ ਦੀ ਭਰਪੂਰ ਖੁਰਾਕ ਦੇ ਨਾਲ ਰਜਾ ਲਿਆ।
ਮਾਪਿਆਂ ਸ. ਜਗਜੀਤ ਸਿੰਘ ਸਿੱਧੂ ਅਤੇ ਮਾਤਾ ਰਮਨਪ੍ਰੀਤ ਕੌਰ ਦੇ ਜਿਗਰ ਦਾ ਟੁਕੜਾ ਜਪਮਨ ਸਿੰਘ ਨਿਊਜ਼ੀਲੈਂਡ ਵਿਖੇ ਹੀ ਜਨਮਿਆ ਹੈ। ਇਸਨੇ ਆਪਣੀ ਮੁੱਢਲੀ ਅਤੇ ਉਚ ਸਕੂਲ ਦੀ ਪੜ੍ਹਾਈ ‘ਓਰਮਿਸਟਨ ਜੂਨੀਅਰ’ ਅਤੇ ‘ਓਰਮਿਸਟਨ ਸੀਨੀਅਰ ਕਾਲਿਜ’ ਤੋਂ ਪੂਰੀ ਕੀਤੀ। ਫੌਜ ਦੇ ਵਿਚ ਸ਼ਾਮਿਲ ਹੋਣਾ, ਸੋਹਣੀ ਵਰਦੀ ਦੇ ਵਿਚ ਅਤੇ ਸਿਰ ਦੇ ਉਤੇ ਦਸਤਾਰ ਸਜਾ ਕੇ ਉਪਰ ਆਰਮੀ ਲੋਗੋ ਲਗਾਉਣਾ ਉਸਦੇ ਲਈ ਰੂਹ ਦੀ ਖੁਰਾਕ ਵਰਗਾ ਸੀ। ਇਸ ਬੱਚੇ ਦੀ ਇਸ ਪ੍ਰਾਪਤੀ ਦੇ ਉਤੇ ਉਸਦੇ ਮਾਪੇਸ ਉਸਦੀ ਭੈਣ ਪ੍ਰਭਲੀਨ ਕੌਰ ਸਮੇਤ ਸਮੁੱਚਾ ਪਰਿਵਾਰ ਖੁਸ਼ ਹੈ ਅਤੇ ਉਸਦੇ ਉਜਵਲ ਭਵਿੱਖ ਲਈ ਕਾਮਨਾ ਕਰਦਾ ਹੈ। ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਜਪਮਨ ਸਿੰਘ ਸਿੱਧੂ ਅਤੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ!