ਅਬੋਹਰ : ਸੰਤ ਨਗਰ ਅਬੋਹਰ ਦੇ ਰਹਿਣ ਵਾਲੇ ਨੌਜਵਾਨ ਦੀ ਸ੍ਰੀ ਗੰਗਾਨਗਰ ਰੋਡ 'ਤੇ ਬਿਜਲੀ ਬੋਰਡ ਦੇ ਪਿੱਛੇ ਖਾਲੀ ਜਗ੍ਹਾ 'ਚ ਸ਼ੱਕੀ ਹਾਲਤ 'ਚ ਲਾਸ਼ ਮਿਲੀ ਹੈ। ਮ੍ਰਿਤਕ ਰਾਤ ਭਰ ਘਰੋਂ ਗਾਇਬ ਸੀ। ਥਾਣਾ ਸਿਟੀ 2 ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ਼ ਦੇ ਮੁਰਦਾਘਰ 'ਚ ਰਖਵਾਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਜਾਣਕਾਰ ਵਿਅਕਤੀ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਮਿਲੀ ਜਾਣਕਾਰੀ ਅਨੁਸਾਰ 35 ਸਾਲਾ ਸੰਨੀ ਪੁੱਤਰ ਸੁਰਿੰਦਰ ਵਾਸੀ ਸੰਤ ਨਗਰ ਦੇ ਪਿਤਾ ਨੇ ਦੱਸਿਆ ਕਿ ਸਨੀ ਬਾਈਕ 'ਤੇ ਬੀਤੀ ਰਾਤ ਕਰੀਬ 10 ਵਜੇ ਨਈ ਅਬਾਦੀ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਮਿਲਣ ਦਾ ਕਹਿ ਕੇ ਘਰੋਂ ਗਿਆ ਸੀ। ਪਰ ਉਹ ਵਾਪਸ ਨਹੀਂ ਆਇਆ। ਜਿਸ ਕਾਰਨ ਪਰਿਵਾਰ ਵਾਲੇ ਰਾਤ ਭਰ ਉਸ ਦੀ ਭਾਲ ਕਰਦੇ ਰਹੇ। ਅੱਜ ਸਵੇਰੇ ਉਸ ਦੀ ਲਾਸ਼ ਬਿਜਲੀ ਬੋਰਡ ਦੇ ਪਿੱਛੇ ਅਤੇ ਜੇਪੀ ਪਾਰਕ ਨੇੜੇ ਪਈ ਹੋਣ ਦੀ ਸੂਚਨਾ ਮਿਲੀ। ਮ੍ਰਿਤਕ ਦੇ ਪਿਤਾ ਸੁਰਿੰਦਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਦੇ ਲੜਕੇ ਦੀ ਮੌਤ ਨਹੀਂ ਹੋਈ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ, ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਦੀ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ, ਸੋਨੂੰ ਗਰੋਵਰ ਅਤੇ ਉਨ੍ਹਾਂ ਦੀ ਟੀਮ ਉੱਥੇ ਮੌਕੇ ਤੇ ਪੁੱਜੇ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਅਤੇ ਮੌਕੇ ’ਤੇ ਪੁੱਜੇ ਥਾਣਾ ਸਿਟੀ 2 ਦੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਜਾ ਕੇ ਦੇਖਿਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਸੰਨੀ ਦੀ ਮੌਤ ਗਰਮੀ ਜਾਂ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਹੈ ਪਰ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।