ਅੰਮ੍ਰਿਤਸਰ : ਅਮਰੀਕਾ 'ਚ ਬੈਠ ਕੇ ਭਾਰਤ 'ਚ ਦਹਿਸ਼ਤ ਦੀ ਖੇਡ ਖੇਡਣ ਵਾਲੇ ਖਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸ਼ੀਆਂ ਦੇ ਗੁਰਗੇ ਮਾਝਾ ਜ਼ੋਨ 'ਚੋਂ ਗ੍ਰਨੇਡ ਅਤੇ ਏਕੇ ਟਾਈਪ ਦੇ ਹਥਿਆਰਾਂ ਦੀ ਖੇਪ ਬਾਹਰ ਕੱਢਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਪੁਲਿਸ ਨੂੰ ਖੂਫੀਆ ਏਜੰਸੀਆਂ ਤੋਂ ਇਨਪੁਟ ਮਿਲਿਆ ਹੈ ਕਿ ਗੈਂਗਸਟਰ ਪਸ਼ੀਆਂ ਨੇ ਹੁਣ ਮਾਲਵਾ ਅਤੇ ਦੋਆਬਾ ਦੇ ਥਾਣਿਆਂ ਅਤੇ ਪੁਲਿਸ ਚੌਕੀਆਂ ਨੂੰ ਦਹਿਸ਼ਤਜ਼ਦਾ ਕਰਨ ਦੀ ਸਾਜ਼ਿਸ਼ ਰਚੀ ਹੈ, ਹਾਲਾਕਿ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਕਮਰ ਕੱਸ ਲਈ ਹੈ।ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਭੇਜੀ ਗਈ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਈਐੱਸਆਈ ਅਤੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਪੰਜਾਬ ਦੇ ਕਈ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਲਈ ਹੈ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਦੋ ਗ੍ਰਨੇਡਾਂ ਅਤੇ ਇਕ ਪਿਸਤੌਲ ਸਮੇਤ ਫੜੇ ਗਏ ਜਸ਼ਨਦੀਪ ਸਿੰਘ ਉਰਫ਼ ਡੈਨੀ ਨੇ ਪੁਲਿਸ ਕੋਲ ਆਪਣੇ ਦੋ ਹੋਰ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਪੁਲਿਸ ਨੂੰ ਜਿਵੇਂ ਹੀ ਇਸ ਦੀ ਭਨਕ ਮਿਲੀ ਤਾਂ ਉਨ੍ਹਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ।ਦੋਵੇਂ ਮੁਲਜ਼ਮ ਗੈਂਗਸਟਰ ਹੈਪੀ ਪਸ਼ੀਆ ਦੇ ਸਿੱਧੇ ਸੰਪਰਕ ਵਿਚ ਹਨ। ਇਨ੍ਹਾਂ ਕੋਲ ਗ੍ਰਨੇਡ ਅਤੇ ਏਕੇ ਟਾਈਪ ਦੇ ਹਥਿਆਰ ਹੋਣ ਦੀ ਸੰਭਾਵਨਾ ਹੈ। ਚਾਰ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਜਸ਼ਨਦੀਪ ਸਿੰਘ ਨੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿਚ ਕਈ ਰਾਜ਼ ਖੋਲ੍ਹੇ ਹਨ। ਮੰਗਲਵਾਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਮੁਲਜ਼ਮ ਨੂੰ ਮੁੜ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਪੁਲਿਸ ਸੋਮਵਾਰ ਸਵੇਰੇ ਯੂਪੀ ਦੇ ਪੀਲੀਭੀਤ 'ਚ ਹੋਏ ਅੱਤਵਾਦੀਆਂ ਦੇ ਮੁਕਾਬਲੇ 'ਚ ਅੱਤਵਾਦੀ ਪਸ਼ੀਆਂ ਦੇ ਗੁਰਗੇ ਜਸ਼ਨਦੀਪ ਸਿੰਘ ਉਰਫ ਡੈਨੀ ਦੀ ਭੂਮਿਕਾ 'ਤੇ ਨਜ਼ਰ ਰੱਖ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਕਲਾਨੌਰ ਦੇ ਮਾਰੇ ਗਏ ਅੱਤਵਾਦੀਆਂ ਦੇ ਰਿਸ਼ਤੇ ਕਿਤੇ ਜਸ਼ਨਦੀਪ ਜਾਂ ਉਸ ਦੇ ਦੋ ਫਰਾਰ ਸਾਥੀਆਂ ਨਾਲ ਹੋ ਸਕਦੇ ਹਨ।
ਇਹ ਹੈ ਮਾਮਲਾ
ਪੁਲਿਸ ਨੇ ਜਸ਼ਨਦੀਪ ਅਤੇ ਉਸ ਦੇ ਨਾਬਾਲਗ ਭਰਾ ਨੂੰ ਦੋ ਗ੍ਰਨੇਡਾਂ, ਵਿਦੇਸ਼ੀ ਗਲੋਕ ਪਿਸਤੌਲ ਅਤੇ ਅੱਠ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ 24 ਨਵੰਬਰ ਨੂੰ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਫਿੱਟ ਕੀਤੀ ਸੀ, ਜਿਸ ਵਿਚ ਰਿਮੋਟ ਗੁੰਮ ਹੋਣ ਕਾਰਨ ਇਹ ਫਟ ਨਹੀਂ ਸਕਿਆ। ਇਸ ਤੋਂ ਬਾਅਦ 29 ਨਵੰਬਰ ਨੂੰ ਬੰਦ ਪਈ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਗਿਆ ਸੀ। ਫਿਰ ਮੁਲਜ਼ਮਾਂ ਨੇ 4 ਦਸੰਬਰ ਦੀ ਦੇਰ ਰਾਤ ਮਜੀਠਾ ਥਾਣੇ ਦੇ ਅੰਦਰ ਗ੍ਰਨੇਡ ਸੁੱਟ ਕੇ ਧਮਾਕਾ ਕਰ ਦਿੱਤਾ ਸੀ।