ਜਲੰਧਰ : ਇਹ ਦੂਜੀ ਵਾਰ ਹੈ, ਜਦੋਂ 44 ਮਹਿਲਾ ਕੌਂਸਲਰ ਨਿਗਮ ਹਾਊਸ ਵਿਚ ਪਹੁੰਚੀਆਂ ਹਨ। ਅਜੇ ਵੀ ਜਲੰਧਰ ਦੇ ਮੇਅਰ ਦਾ ਅਹੁਦਾ ਉਨ੍ਹਾਂ ਤੋਂ ਦੂਰ ਹੈ। 1991 ਵਿਚ ਬਣੀ ਜਲੰਧਰ ਨਗਰ ਨਿਗਮ (Jalandhar municipal corporation) ਦੀਆਂ ਇਸ ਵਾਰ ਸੱਤਵੀਂਆਂ ਚੋਣਾਂ ਸਨ ਪਰ ਕਿਸੇ ਵੀ ਪਾਰਟੀ ਨੇ ਮੇਅਰ ਦੀ ਕੁਰਸੀ ’ਤੇ ਮਹਿਲਾ ਕੌਂਸਲਰ ਨੂੰ ਬਿਠਾਉਣ ’ਤੇ ਵਿਚਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਜਲੰਧਰ ਦੇ 80 ਵਾਰਡਾਂ ਵਿੱਚੋਂ ਸਿਰਫ਼ 44 ਕੌਂਸਲਰ ਹੀ ਔਰਤਾਂ ਸਨ। ਇਸ ਵਾਰ ਵਾਰਡ ਵਧ ਕੇ 85 ਹੋ ਗਏ ਪਰ ਔਰਤਾਂ ਦੀ ਗਿਣਤੀ ਸਿਰਫ਼ 44 ਹੀ ਰਹੀ। ਇਸ ਵਾਰ ਔਰਤਾਂ ਦੀ ਪ੍ਰਤੀਸ਼ਤਤਾ ਘਟੀ ਹੈ। ਮੇਅਰ ਦੇ ਅਹੁਦੇ ਲਈ ‘ਆਪ’ ਵਿਚ ਮੰਥਨ ਚੱਲ ਰਿਹਾ ਹੈ, ਉੱਥੇ ਹੀ ਮਹਿਲਾ ਕੌਂਸਲਰਾਂ ’ਚੋਂ ਕਿਸੇ ਇਕ ਨੂੰ ਸੀਨੀਅਰ ਡਿਪਟੀ ਮੇਅਰ ਦੀ ਕੁਰਸੀ ਮਿਲ ਸਕਦੀ ਹੈ।
AAP ਕੋਲ ਹੁਣ 18 ਮਹਿਲਾ ਕੌਂਸਲਰ
ਚੋਣਾਂ 'ਚ ਕਾਂਗਰਸ ਦੀਆਂ 17, 'ਆਪ' ਦੀਆਂ 16, ਭਾਜਪਾ ਦੀਆਂ 9 ਤੇ 1 ਆਜ਼ਾਦ ਮਹਿਲਾ ਉਮੀਦਵਾਰ ਜਿੱਤ ਤੋਂ ਬਾਅਦ ਹਾਊਸ ਤਕ ਪਹੁੰਚੀ ਹੈ। 39 ਸੀਟਾਂ ਜਿੱਤਣ ਵਾਲੀ 'ਆਪ' ਨੇ ਬਹੁਮਤ ਦੀ ਜੋੜ-ਤੋੜ ਕਰਦਿਆਂ ਕਾਂਗਰਸ ਤੇ ਭਾਜਪਾ ਦੀ ਇਕ-ਇਕ ਮਹਿਲਾ ਕੌਂਸਲਰ ਨੂੰ ਆਪਣੇ ਖੇਮੇ ਵਿਚ ਕਰ ਲਿਆ। ਇਸ ਤਰ੍ਹਾਂ ਹੁਣ ‘ਆਪ’ ਕੋਲ 18 ਮਹਿਲਾ ਕੌਂਸਲਰ ਹਨ।
ਪਹਿਲਾਂ 80 ਵਾਰਡਾਂ ਤੋਂ 44 ਸੀਟਾਂ ਲੈਣ ਵਾਲੀਆਂ ਮਹਿਲਾ ਕੌਂਸਲਰਾਂ ਦੀ ਗਿਣਤੀ 55 ਫੀਸਦੀ ਸੀ, ਜੋ ਇਸ ਵਾਰ ਘੱਟ ਕੇ 51.76 ਫੀਸਦੀ ਰਹਿ ਗਈ ਹੈ। ਫਿਰ ਵੀ ਜਿੱਤ ਦਾ ਅੰਕੜਾ 50 ਫੀਸਦੀ ਤੋਂ ਉਪਰ ਹੋਣ ਦੇ ਬਾਵਜੂਦ ਮਹਿਲਾ ਕੌਂਸਲਰਾਂ ਨੂੰ ਦੂਜੀ ਲਾਈਨ ਵਿਚ ਰੱਖਿਆ ਗਿਆ ਹੈ।
...ਕਾਂਗਰਸ ’ਚ ਔਰਤਾਂ ਦਾ ਦਬਦਬਾ
ਕਾਂਗਰਸ ਦੀਆਂ 24 ਸੀਟਾਂ ਵਿੱਚੋਂ 17 ਔਰਤਾਂ ਨੇ ਜਿੱਤੀਆਂ ਹਨ। ਕਾਂਗਰਸ ਵਿਚ ਜਿੱਤਣ ਵਾਲੀਆਂ ਔਰਤਾਂ ਦੀ ਸਭ ਤੋਂ ਵੱਧ ਪ੍ਰਤੀਸ਼ਤਤਾ 70.83 ਰਹੀ। ਇਸੇ ਤਰ੍ਹਾਂ ਭਾਜਪਾ ਨੇ 19 ਵਿੱਚੋਂ 9 ਸੀਟਾਂ ਜਿੱਤੀਆਂ ਤੇ ਇਹ ਅੰਕੜਾ 47.36 ਫੀਸਦੀ ਰਿਹਾ, ਜਦੋਂਕਿ ਆਮ ਆਦਮੀ ਪਾਰਟੀ ਨੇ 39 ਵਿੱਚੋਂ 16 ਸੀਟਾਂ ਜਿੱਤੀਆਂ ਅਤੇ ਇਹ ਅੰਕੜਾ 41.02 ਫੀਸਦੀ ਰਿਹਾ।ਮਰਦ ਉਮੀਦਵਾਰਾਂ ਦੇ ਮੁਕਾਬਲੇ ਔਰਤਾਂ ਦੀ ਸਥਿਤੀ ਮਜ਼ਬੂਤ ਨਜ਼ਰ ਆਉਂਦੀ ਹੈ ਪਰ ਇਸ ਦਾ ਸਿਆਸੀ ਲਾਭ ਕਿੰਨਾ ਹੁੰਦਾ ਹੈ, ਇਹ ਦੇਖਣਾ ਬਾਕੀ ਹੈ।
ਸਾਬਕਾ ਮੇਅਰ ਤੇ ਪਤਨੀ ਦੋਵੇਂ ਹਾਰ ਗਏ
ਜਲੰਧਰ 'ਚ ਕਾਂਗਰਸ ਦੇ ਸਾਬਕਾ ਮੇਅਰ ਤੇ ਇਸ ਵਾਰ 'ਆਪ' ਦੀ ਟਿਕਟ 'ਤੇ ਚੋਣ ਲੜੇ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਸਾਬਕਾ ਡਿਪਟੀ ਮੇਅਰ ਪਤਨੀ ਅਨੀਤਾ ਰਾਜਾ ਚੋਣ ਹਾਰ ਗਏ ਹਨ। ਇਸੇ ਤਰ੍ਹਾਂ ਭਾਜਪਾ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੀ ਚੋਣ ਹਾਰ ਗਏ ਸਨ। ਕਾਂਗਰਸ ਦੇ ਸਾਬਕਾ ਵਿਧਾਇਕ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਪਤਨੀ ਉਮਾ ਬੇਰੀ ਚੋਣ ਜਿੱਤਣ ਵਿਚ ਸਫਲ ਰਹੀ।