ਜੈਪੁਰ : ਕੋਟਪੁਤਲੀ ਦੇ ਕੀਰਤਪੁਰਾ ਇਲਾਕੇ 'ਚ ਖੇਡਦੇ ਹੋਏ 3 ਸਾਲ ਦੀ ਬੱਚੀ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਈ। ਲੜਕੀ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜੇ ਤਕ ਕੋਈ ਸਫਲਤਾ ਨਹੀਂ ਮਿਲੀ ਹੈ।ਮਾਮਲੇ ਦੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਐੱਸਡੀਆਰਐੱਫ ਐੱਸਆਈ ਰਵੀ ਕੁਮਾਰ ਨੇ ਦੱਸਿਆ ਕਿ ਅਸੀਂ ਲੜਕੀ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਸ ਦੇ ਆਲੇ-ਦੁਆਲੇ ਕਾਫੀ ਚਿੱਕੜ ਹੋਣ ਕਾਰਨ ਅਸੀਂ ਅਜੇ ਤਕ ਉਸ ਤਕ ਨਹੀਂ ਪਹੁੰਚ ਸਕੇ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਕ ਪੱਤੇ ਵਰਗਾ ਯੰਤਰ ਤਿਆਰ ਕੀਤਾ ਹੈ ਜਿਸ ਨਾਲ ਅਸੀਂ ਇਸਨੂੰ ਬਾਹਰ ਕੱਢ ਸਕਦੇ ਹਾਂ। ਬੋਰਵੈੱਲ 'ਚ ਪਾਈਪ ਰਾਹੀਂ ਬੱਚੀ ਨੂੰ ਆਕਸੀਜਨ ਸਪਲਾਈ ਕੀਤੀ ਗਈ ਸੀ। ਬੋਰਵੈੱਲ 'ਚ ਹੇਠਾਂ ਲੱਗੇ ਕੈਮਰੇ 'ਚ ਵੀ ਲੜਕੀ ਦੀ ਹਰਕਤ ਦਿਖਾਈ ਦੇ ਰਹੀ ਸੀ। ਉਸ ਨੂੰ ਹੱਥ ਹਿਲਾਉਂਦੇ ਦੇਖਿਆ ਗਿਆ। ਉਸ ਦੇ ਰੋਣ ਦੀ ਆਵਾਜ਼ ਵੀ ਰਿਕਾਰਡ ਕੀਤੀ ਗਈ ਹੈ। ਬੋਰਵੈੱਲ 'ਚ ਜਗ੍ਹਾ ਨਾ ਹੋਣ ਕਾਰਨ ਬੱਚੀ ਨੂੰ ਖਾਣ-ਪੀਣ ਲਈ ਕੁਝ ਨਹੀਂ ਦਿੱਤਾ ਜਾ ਸਕਿਆ।
ਚੇਤਨਾ ਦੇ ਬੋਰਵੈੱਲ 'ਚ ਡਿੱਗਣ ਤੋਂ ਬਾਅਦ ਵੱਡੀ ਭੈਣ ਕਾਵਿਆ ਚੀਕ ਪਈ। ਉਸ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਤੇ ਲੜਕੀ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਇਸ 'ਤੇ ਸਰੁੰਦ ਥਾਣਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਘਟਨਾ ਕਿਵੇਂ ਵਾਪਰੀ?
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨ ਸਾਲ ਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਤੇ ਉਹ ਬੋਰਵੈੱਲ ਵਿੱਚ ਡਿੱਗ ਗਈ। ਇਸ ਬੋਰਵੈੱਲ ਦੀ ਡੂੰਘਾਈ 150 ਫੁੱਟ ਦੱਸੀ ਜਾਂਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਐਂਬੂਲੈਂਸ ਤੇ ਜੇਸੀਬੀ ਤਾਇਨਾਤ ਕਰ ਦਿੱਤੀ ਗਈ ਹੈ। ਲੜਕੀ ਨੂੰ ਬਚਾਉਣ ਲਈ ਜੰਗੀ ਪੱਧਰ 'ਤੇ ਯਤਨ ਜਾਰੀ ਹਨ।