ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਇਲਾਕਾ ਚੋਹਲਾ ਸਾਹਿਬ ’ਚ ਦੇਰ ਰਾਤ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਲਖਬੀਰ ਲੰਡਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਜਣੇ ਜਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਲਖਬੀਰ ਲੰਡਾ ਗਿਰੋਹ ਦੇ ਤਿੰਨ ਗੁਰਗਿਆਂ ਦਰਮਿਆਨ ਲੰਘੀ ਰਾਤ ਮੁਕਾਬਲਾ ਹੋ ਗਿਆ। ਦੁਵੱਲੀ ਗੋਲੀਬਾਰੀ ਦੌਰਾਨ ਤਿੰਨਾ ਵਿਚੋਂ ਦੋ ਜਣੇ ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਯਾਦਵਿੰਦਰ ਸਿੰਘ ਵਜੋਂ ਦੱਸੀ ਜਾ ਰਹੀ ਹੈ, ਜ਼ਖ਼ਮੀ ਹੋ ਗਏ। ਮੁਕਾਬਲੇ ਵਾਲੀ ਜਗ੍ਹਾ ’ਤੇ ਪੁਲਿਸ ਦੇ ਆਹਲਾ ਅਫਸਰ ਵੀ ਪਹੁੰਚ ਗਏ। ਜਖਮੀਆਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐੱਸਪੀ ਅਜੇਰਾਜ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗੁਰਗੇ ਵਿਦੇਸ ਬੈਠੇ ਅੱਤਵਾਦੀ ਲਖਬੀਰ ਲੰਡਾ ਗਰੁੱਪ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੌਰਾਨ ਦੋ ਜਣੇ ਜਖਮੀ ਹੋਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।