ਖਨੌਰੀ : ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨ ਪ੍ਰਤੀਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਬੁੱਧਵਾਰ ਨੂੰ ਮਰਨ ਵਰਤ ਦੇ 44ਵੇਂ ਦਿਨ ਉਹ ਗੱਲ ਕਰਨ ਤੋਂ ਵੀ ਅਸਮਰੱਥ ਹੋ ਗਏ। ਉਨ੍ਹਾਂ ਤੋਂ ਪਾਣੀ ਵੀ ਨਹੀਂ ਪੀਤਾ ਜਾ ਰਿਹਾ। ਬੈਠਣਾ ਤਾਂ ਦੂਰ ਦੀ ਗੱਲ ਪਾਸਾ ਲੈਣ ’ਚ ਵੀ ਤਕਲੀਫ਼ ਮਹਿਸੂਸ ਕਰ ਰਹੇ ਹਨ। ਇਸ ਦੇ ਮੱਦੇਨਜ਼ਨਰ ਡਾਕਟਰਾਂ ਦੇ ਕਹਿਣ ’ਤੇ ਹੁਣ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਬਾਕਾਇਦਾ ਮੰਚ ਤੋਂ ਐਲਾਨ ਕੀਤਾ ਗਿਆ। ਡੱਲੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਡਾਕਟਰਾਂ ਦੀ ਟੀਮ ’ਚ ਸ਼ਾਮਿਲ ਡਾ : ਕੁਲਦੀਪ ਕੌਰ ਰੰਧਾਵਾ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਨ੍ਹਾਂ ਤੋਂ ਪਾਣੀ ਵੀ ਨਹੀਂ ਪੀਤਾ ਜਾ ਰਿਹਾ ਤੇ ਨਾਂ ਹੀ ਉਹ ਬੋਲ ਪਾ ਰਹੇ ਹਨ। ਪਾਣੀ ਪੀਂਦੇ ਹੀ ਉਲਟੀ ਹੋ ਜਾਂਦੀ ਹੈ। ਸਭ ਤੋਂ ਵੱਡੀ ਸਮੱਸਿਆ ਡੱਲੇਵਾਲ ਦਾ ਬਲੱਡ ਪ੍ਰੈਸ਼ਰ ’ਚ ਉਤਰਾਅ-ਚੜਾਅ ਹੈ। ਹਰ ਸਮੇ ਸਿੱਧਾ ਪੈਣ ਕਰਕੇ ਉਨ੍ਹਾਂ ਦੇ ਖੂਨ ਦਾ ਦਬਾਅ ਕਾਫ਼ੀ ਹੇਠਾਂ ਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਪੈਰ ਉੱਚੇ ਰੱਖਣੇ ਪੈਂਦੇਹਨ। ਇਸ ਨਾਲ ਬਲੱਡ ਪ੍ਰੈਸ਼ਰ ਥੋੜ੍ਹਾ ਠੀਕ ਰਹਿੰਦਾ ਹੈ। ਉਨਾਂ ਕਿਹਾ ਕਿ ਡੱਲੇਵਾਲ ਨੂੰ ਮੈਡੀਕਲ ਏਡ ਦੀ ਤੁਰੰਤ ਲੋੜ ਹੈ ਕਿਉਕਿ ਉਨ੍ਹਾਂ ਦੇ ਸਰੀਰ ’ਚ ਸੋਡੀਅਮ ਦੀ ਵੱਡੀ ਘਾਟ ਹੋ ਗਈ ਹੈ। ਕੀਟੋਨ ਪਾਜ਼ਟਿਵ ਹੈ ਜਿਸ ਕਾਰਨ ਕਿਹਾ ਜਾ ਸਕਦਾ ਕਿ ਉਨਾਂ ਦੀ ਸਥਿਤੀ ਬਹੁਤ ਜ਼ਿਆਦਾ ਖ਼ਰਾਬ ਹੈ ਤੇ ਕਿਸੇ ਸਮੇਂ ਵੀ ਕੁਝ ਵੀ ਹੋ ਸਕਦਾ ਹੈ। ਉਨਾਂ ਦੱਸਿਆ ਕਿ ਡਾਕਟਰਾਂ ਨੇ ਉਨਾਂ ਦੀ ਡਿੱਗ ਰਹੀ ਸਿਹਤ ਦੇ ਮੱਦੇਨਜ਼ਰ ਕਿਸੇ ਨਾਲ ਗੱਲਬਾਤ ਕਰਨ ਤੇ ਮਿਲਣ ’ਤੇ ਵੀ ਪਾਬੰਦੀ ਲਾ ਦਿੱਤੀ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੇਤਾ ਕਾਕਾ ਸਿੰਘ ਕੋਟੜਾ ਨੇ ਮੰਚ ਤੋਂ ਡੱਲੇਵਾਲ ਵੱਲੋਂ ਐਲਾਨ ਕੀਤਾ ਕਿ ਖ਼ਰਾਬ ਸਿਹਤ ਕਾਰਨ ਹੁਣ ਉਹ ਕਿਸੇ ਅਧਿਕਾਰੀ, ਰਾਜਨੇਤਾ, ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਨੂੰ ਨਹੀਂ ਮਿਲ ਸਕਣਗੇ। ਕੋਟੜਾ ਨੇ ਕਿਹਾ ਕਿ ਡੱਲੇਵਾਲ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਚਾਰ ਜਨਵਰੀ ਨੂੰ ਮਹਾਪੰਚਾਇਤ ਲਈ ਉਹ ਆਪਣੀ ਟ੍ਰਾਲੀ ਤੋਂ ਮੰਚ ’ਤੇ ਗਏ ਸਨ। ਉਸੇ ਦਿਨ ਤੋਂ ਉਨ੍ਹਾਂ ਦੀ ਸਿਹਤ ਕਾਫ਼ੀ ਨਾਜ਼ੁਕ ਚੱਲ ਰਹੀ ਹੈ। ਗੱਲਬਾਤ ਕਰਨ ਨਾਲ ਉਨ੍ਹਾਂ ਦਾ ਸਾਹ ਫੁੱਲ ਰਿਹਾ ਹੈ। ਇਸ ਕਾਰਨ ਉਹ ਕਿਸੇ ਨਾਲ ਮੁਲਾਕਾਤ ਨਹੀਂ ਕਰਨਗੇ।
ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਨਹੀਂ : ਕੋਹਾੜ, ਕੋਟੜਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਅਭਿਮੰਨਿਊ ਕੋਹਾੜ, ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਿੱਲੀ ਦੇ ਕਿਸਾਨਾਂ ਨਾਲ ਬੈਠਕ ਕਰ ਰਹੇ ਕਿ ਯੋਜਨਾਵਾਂ ਦਾ ਲਾਭ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਹੈ, ਇਸ ਲਈ ਉਹ ਦੁਖੀ ਹਨ। ਦੂਜੇ ਪਾਸੇ ਕਿਸਾਨੀ ਮੰਗਾਂ ਲਈ ਸਵਾ ਦੱਸ ਮਹੀਨਿਆਂ ਤੋਂ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਕਿਸਾਨ ਧਰਨਾ ਦੇ ਰਹੇ ਹਨ, ਡੱਲੇਵਾਲ 44 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ ਪਰ ਕੇਂਦਰ ਸਰਕਾਰ ਨੂੰ ਕੋਈ ਫ਼ਿਕਰ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਸੋਚ ਰਹੇ ਹਨ ਕਿ ਡੱਲੇਵਾਲ ਦੇ ਨਾਲ-ਨਾਲ ਭਾਰਤ ’ਚ ਲੋਕਤੰਤਰ ਦੀ ਸਿਹਤ ਵੀ ਲਗਾਤਾਰ ਡਿੱਗ ਰਹੀ ਹੈ। ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਗੰਭੀਰ ਹੋ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮੰਗਾਂ ਦੇ ਹੱਕ ’ਚ 10 ਜਨਵਰੀ ਨੂੰ ਸਮੁੱਚੇ ਦੇਸ਼ ’ਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣਗੇ।
ਅਖਿਲੇਸ਼ਦਾ ਸੰਦੇਸ਼ ਲੈ ਕੇ ਪੁੱਜਾ ਸਪਾ ਦਾ ਵਫ਼ਦ
ਇਸੇ ਦੌਰਾਨ ਸਮਾਜਵਾਦੀ ਪਾਰਟੀ ਦਾ ਇਕ ਵਫ਼ਦ ਬੁੱਧਵਾਰ ਨੂੰ ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਹਰਿੰਦਰ ਮਲਿਕ ਨਾਲ ਜਗਜੀਤ ਸਿੰਘ ਡੱਲੇਵਾਲ ਦਾ ਹਾਲ-ਚਾਲ ਪੁੱਛਣ ਖਨੌਰੀ ਬਾਰਡਰ ਪੁੱਜਾ। ਇਸ ਦੌਰਾਨ ਅਖਿਲੇਸ਼ ਯਾਦਵ ਨੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਡੱਲੇਵਾਲ ਦੀ ਸਿਹਤ ਬਾਰੇ ਪੁੱਛਿਆ। ਸਪਾ ਆਗੂਆਂ ਨੇ ਭਰੋਸਾ ਦਿਵਾਇਆ ਕਿ ਉਹ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਹੱਕ ’ਚ ਸੰਸਦ ’ਚ ਆਵਾਜ਼ ਬੁਲੰਦ ਕਰਨਗੇ। ਉਹ ਸਾਰੀਆਂ ਸਿਆਸੀ ਪਾਰਟੀਆਂ ਨਾਲ ਗੱਲਬਾਤ ਕਰਨਗੇ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਸੀ ਮੱਤਭੇਦ ਭੁਲਾ ਕੇ ਇਸ ਮਸਲੇ ਦਾ ਹੱਲ ਕਰਵਾਉਣ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨਗੇ।