ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਰਮੂੰਵਾਲਾ ਵਾਸੀ 20 ਸਾਲਾ ਨੌਜਵਾਨ ਨੂੰ ਵਿਦੇਸ਼ੀ ਨੰਬਰ ਤੋਂ ਵਟਸਐੱਪ ਕਾਲ ਕਰ ਕੇ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਕੀ ਦੇਣ ਵਾਲੇ ਨੇ ਆਪਣਾ ਨਾਂ ਜੈਸਲ ਚੰਬਲ ਦੱਸਿਆ। ਜਿਸ ਦੇ ਚੱਲਦਿਆਂ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਜੈਸਲ ਚੰਬਲ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ। 20 ਸਾਲਾ ਉਕਤ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 7 ਜਨਵਰੀ ਦੀ ਸ਼ਾਮ ਕਰੀਬ ਸਵਾ 4 ਵਜੇ ਉਸਦੇ ਵਟਸਐੱਪ ’ਤੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਅਤੇ ਅੱਗੋਂ ਬੋਲਣ ਵਾਲੇ ਕਿਹਾ ਕਿ ਉਹ ਜੈਸਲ ਚੰਬਲ ਬੋਲ ਰਿਹਾ ਹੈ। ਉਸ ਵੱਲੋਂ ਪੈਸੇ ਨਾ ਦਿੱਤੇ ਜਾਣ ਦੀ ਸੂਰਤ ’ਚ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸੇ ਤਰ੍ਹਾਂ ਉਸ ਨੂੰ ਤਿੰਨ ਵਾਰ ਫੋਨ ’ਤੇ ਧਮਕਾਇਆ ਗਿਆ। ਜਿਸਦੇ ਚੱਲਦਿਆਂ ਉਹ ਤੇ ਉਸਦਾ ਪਰਿਵਾਰ ਸਦਮੇ ’ਚ ਹੈ। ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਜਿੱਥੇ ਕੇਸ ਦਰਜ ਕਰ ਲਿਆ ਹੈ। ਉਥੇ ਹੀ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਗੁਰਮੁੱਖ ਸਿੰਘ ਵੱਲੋਂ ਕੀਤੀ ਜਾ ਰਹੀ ਹੈ।