ਸਮਾਣਾ : ਪਿੰਡ ਦੁੱਲੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਧਿਆਪਕਾਂ ਦੀ ਘਾਟ ਨਾਲ ਜੂਝ ਰਿਹਾ ਹੈ ਜਿੱਥੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਿਰਫ ਇਕ ਅਧਿਆਪਕ ਪੜ੍ਹਾ ਰਿਹਾ ਹੈ। ਸਰਕਾਰੀ ਸਕੂਲ ਵਿਚ ਲੋੜਵੰਦਾਂ ਘਰਾਂ ਦੇ 100 ਤੋਂ ਵੱਧ ਬੱਚੇ ਪੜ੍ਹ ਰਹੇ ਹਨ। ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਬਲਾਕ ਪੱਧਰੀ ਅਧਿਕਾਰੀਆਂ ਤੋਂ ਲੈ ਕੇ ਮੋਹਾਲੀ ਸਥਿਤ ਮਹਿਕਮੇ ਦੇ ਮੁੱਖ ਦਫਤਰ ਤੱਕ ਪਹੁੰਚ ਕੀਤੀ ਗਈ ਪਰ ਇਸ ਦਾ ਅੱਜ ਤੱਕ ਹੱਲ ਨਹੀਂ ਹੋਇਆ ਹੈ। ਮਹਿਕਮੇ ਅਤੇ ਸਰਕਾਰ ਦੀ ਇਸ ਅਣਦੇਖੀ ਤੋਂ ਅੱਕੇ ਲੋਕਾਂ ਨੇ ਹੁਣ ਇਕ ਸਕੂਲ ਨੂੰ ਹੀ ਤਾਲਾ ਲਗਾਉਣ ਦਾ ਫੈਸਲਾ ਕਰ ਲਿਆ ਹੈ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਛਬੀਲਪੁਰ ਤੇ ਪਿੰਡ ਵਾਸੀ ਕੁਲਦੀਪ ਸਿੰਘ ਨੇ ਆਖਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੁੱਲੜ ਵਿਚ ਕਰੀਬ ਸੌ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਪ੍ਰੰਤੂ ਉਨ੍ਹਾਂ ਨੂੰ ਪੜ੍ਹਾਉਣ ਲਈ ਸਕੂਲ ਵਿਚ ਸਿਰਫ ਇਕ ਹੀ ਅਧਿਆਪਕ ਦੀ ਡਿਊਟੀ ਲੱਗੀ ਹੋਈ ਹੈ, ਜਿਸ ਕਾਰਨ ਸਕੂਲ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਕਾਫੀ ਲੰਮੇ ਸਮੇਂ ਤੋਂ ਬਲਾਕ ਸਿਖਿਆ ਅਫਸਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿਚ ਵੀ ਲਿਆਂਦਾ ਕਿ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੈ ਪਰ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦੀ ਸਕੂਲ ਵਿਚ ਪੱਕੇ ਤੌਰ ’ਤੇ ਅਧਿਆਪਕਾਂ ਦੀ ਡਿਊਟੀ ਲਗਾਈ ਜਾਵੇਗੀ। ਵਾਰ-ਵਾਰ ਪਿੰਡ ਦੇ ਲੋਕ ਇਹ ਮਾਮਲਾ ਅਫਸਰਾਂ ਦੇ ਧਿਆਨ ਵਿਚ ਲਿਆਉਂਦੇ ਰਹੇ ਪਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦਾ ਹੱਲ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਵਿਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਅੱਜ ਵੀ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿਚ ਅਧਿਆਪਕ ਦੀ ਘਾਟ ਹੈ।
ਨੌਜਵਾਨ ਸਭਾ ਸੂਬਾ ਕਮੇਟੀ ਮੈਂਬਰ ਦਵਿੰਦਰ ਸਿੰਘ ਨੇ ਕਿਹਾ ਕਿ 100 ਬੱਚਿਆਂ ਨੂੰ ਪੜ੍ਹਾਉਣਾ ਇਕ ਅਧਿਆਪਕ ਲਈ ਸੰਭਵ ਹੀ ਨਹੀਂ ਹੈ ਤੇ ਇਕ ਸਿੱਖਿਆ ਨੀਤੀ ਦੀ ਉਲੰਘਣਾ ਵੀ ਹੈ। ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਪਿੰਡ ਵਾਸੀਆਂ ਦੀ ਮੰਗ ’ਤੇ ਵਿਭਾਗ ਵੱਲੋਂ ਇਕ ਹੋਰ ਅਧਿਆਪਕ ਡੈਪੂਟੇਸ਼ਨ ’ਤੇ ਭੇਜਿਆ ਗਿਆ ਸੀ ਪ੍ਰੰਤੂ ਉਹ ਵੀ ਇਥੇ ਚਾਰ ਦਿਨ ਡਿਊਟੀ ਦੇਣ ਤੋਂ ਬਾਅਦ ਕਦੇ ਸਕੂਲ ਨਹੀਂ ਪਰਤਿਆ। ਦਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਤੇ ਮਹਿਕਮੇ ਵਲੋਂ ਕੋਈ ਹੱਲ ਨਾ ਹੁੰਦਾ ਦੇਖ ਪਿੰਡਾਂ ਵਾਸੀਆਂ ਵੱਲੋਂ ਸਕੂਲ ਦੇ ਇਕਲੌਤੇ ਅਧਿਆਪਕ ਦੀ ਮਦਦ ਲਈ ਇਕ ਲੜਕੀ ਨੂੰ ਆਪਣੇ ਖਰਚੇ ’ਤੇ ਵੀ ਰੱਖਿਆ ਹੈ।
ਸਕੂਲ ਨੂੰ ਤਾਲਾ ਲਾਉਣ ਦਾ ਫੈਸਲਾ
ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਪਿੰਡ ਦੇ ਲੋਕਾਂ ਨੇ ਸਕੂਲ ਨੂੰ ਤਾਲਾ ਲਗਾਉਣ ਦਾ ਫੈਸਲਾ ਕੀਤਾ ਹੈ। ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਦੁੱਲੜ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਈਮਰੀ ਸਕੂਲ ਦੁੱਲੜ ਵਿਚ ਬੁੱਧਵਾਰ ਨੂੰ ਤਾਲਾਬੰਦੀ ਕੀਤੀ ਜਾਵੇਗੀ। ਸਵੇਰੇ 9 ਵਜੇ ਸਕੂਲ ਨੂੰ ਤਾਲਾ ਲਗਾ ਕੇ ਸਰਕਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਤਿੰਦਰ ਸਿੰਘ, ਅਕਬਰ ਖਾਨ, ਕੁਲਬੀਰ ਸਿੰਘ, ਜਸਪਾਲ ਸਿੰਘ, ਵੀਰਭਾਨ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਪਿੰਦਰ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਰਹੇ।
ਅਧਿਕਾਰੀਆਂ ਨਾਲ ਚੱਲ ਰਹੀ ਗੱਲ : ਸਰਪੰਚ
ਪਿੰਡ ਦੁੱਲੜ ਸਰਪੰਚ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਮਤਾ ਪਾ ਕੇ ਮਹਿਕਮੇ ਤੋਂ ਅਧਿਆਪਕ ਦੀ ਮੰਗ ਕੀਤੀ ਗਈ ਸੀ। ਇਕ ਅਧਿਆਪਕ ਆਇਆ ਵੀ ਸੀ ਪਰ ਕੁਝ ਦਿਨਾਂ ਬਾਅਦ ਨਿੱਜੀ ਸਮੱਸਿਆ ਦੇ ਕੇ ਉਹ ਅਸਤੀਫਾ ਦੇ ਗਿਆ ਸੀ। ਸਰਪੰਚ ਨੇ ਕਿਹਾ ਕਿ ਤਾਲਾ ਲਗਾਉਣ ਦਾ ਫੈਸਲਾ ਉਨਾਂ ਦਾ ਨਹੀਂ ਹੈ ਤੇ ਤਾਲਾ ਲਗਾਉਣ ਠੀਕ ਵੀ ਨਹੀਂ ਹੈ, ਮਸਲੇ ਦੇ ਹੱਲ ਬਾਰੇ ਅਧਿਕਾਰੀਆਂ ਨਾਲ ਗੱਲ ਚੱਲ ਰਹੀ ਹੈ, ਜਲਦ ਹੋਰ ਅਧਿਆਪਕ ਆਉਣ ਦੀ ਆਸ ਹੈ।
ਸੂਬਾ ਪੱਧਰੀ ਮਾਮਲਾ, ਬੀਪੀਈਓ ਕੋਲ ਪਾਵਰਾਂ : ਡਿਪਟੀ ਡੀਈਓ
ਇਸ ਸਬੰਧੀ ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ ਨੇ ਆਖਿਆ ਕਿ ਇਹ ਮਸਲਾ ਸੂਬਾ ਪੱਧਰ ਦਾ ਹੈ, ਜਿਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਦਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਪੀਈਓ ਕੋਲ ਪਾਵਰਾਂ ਹਨ ਕਿ ਉਹ ਆਰਜ਼ੀ ਤੌਰ ’ਤੇ ਦੂਜੇ ਸਕੂਲ ’ਚੋਂ ਅਧਿਆਪਕ ਦੀ ਡਿਊਟੀ ਲਗਾ ਕੇ ਕੰਮ ਚਲਾਇਆ ਜਾਵੇ ਅਤੇ ਅਜਿਹਾ ਕੀਤਾ ਜਾ ਰਿਹਾ ਹੈ।