ਮਲੋਟ : ਮਲੋਟ ਤੋਂ ਡਬਵਾਲੀ ਰੋਡ ’ਤੇ ਸਥਿਤ ਫੋਕਲ ਪੁਆਇੰਟ ਨਜ਼ਦੀਕ ਗਊ ਸੁਰਕਸ਼ਾ ਸੇਵਾ ਦਲ ਪੰਜਾਬ ਦੇ ਕਾਰਕੁਨਾਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਗਊਆਂ ਦਾ ਭਰਿਆ ਹੋਇਆ ਟਰੱਕ ਕਾਬੂ ਕੀਤਾ। ਗਊ ਸੁਰਕਸ਼ਾ ਸੇਵਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਗਊ ਤਸਕਰ ਗੁਰਮੇਲ ਸਿੰਘ ਬੱਬੂ ਵਾਸੀ ਢੈਪਈ ਜ਼ਿਲ੍ਹਾ ਫਰੀਦਕੋਟ ਅਤੇ ਮੰਗਲ ਸਿੰਘ ਲੁਧਿਆਣਾ, ਮਹੁੰਮਦ ਅਸਾਨ ਉਤਰ ਪ੍ਰਦੇਸ਼, ਪੰਚਦੇਵ ਪਾਸਵਾਨ ਬਿਹਾਰ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ। ਇਹ ਕੋਟਕਪੂਰਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ’ਚ ਜੋ ਬੇਸਹਾਰਾ ਗਊ ਧੰਨ ਘੁਮ ਰਿਹਾ ਹੈ ਉਸਨੂੰ ਕਿਸੇ ਸੁੰਨਸਾਨ ਜਗਾ ’ਤੇ ਇਕੱਠਾ ਕਰਕੇ ਬਾਹਰਲੀਆਂ ਸਟੇਟਾਂ ’ਚ ਬੂਚੜਖਾਨੇ ਭੇਜਦੇ ਹਨ। ਗੁਪਤ ਸੂਚਨਾ ਮਿਲੀ ਕਿ ਅੱਜ ਕੋਟਕਪੂਰਾ ਸਾਈਡ ਤੋਂ 10 ਚੱਕੀ ਟਰੱਕ ਨੰਬਰੀ ਪੀਬੀ10 ਸੀਐਲ 8081 ’ਚ ਗਊਆਂ ਨੂੰ ਬੇਰਹਿਮੀ ਨਾਲ ਬੰਨ੍ਹ ਨੁੜ ਕੇ ਲੋਡ ਕਰਕੇ ਟਰੱਕ ਨੂੰ ਤਰਪਾਲ ਨਾਲ ਢੱਕ ਕੇ ਮੁਕਤਸਰ ਸਾਹਿਬ, ਮਲੋਟ, ਡਬਵਾਲੀ, ਸਰਸਾ, ਹਿਸਾਰ ਹੁੰਦਾ ਹੋਇਆ ਮੇਬਾਤ ਬੁੱਚੜਖਾਨੇ ਜਾਣਾ ਹੈ। ਸਾਡੇ ਵੱਲੋਂ ਇਸ ਦੀ ਇਤਲਾਹ ਮਲੋਟ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੜੀ ਮੁਸਤੈਦੀ ਨਾਲ ਮਲੋਟ ਡੱਬਵਾਲੀ ਰੋਡ ’ਤੇ ਸਥਿਤ ਫੋਕਲ ਪੁਆਇੰਟ ਦੇ ਨਜ਼ਦੀਕ ਤਿੰਨ ਗਊ ਤਸਕਰਾਂ ਨੂੰ ਟਰੱਕ ਸਮੇਤ ਕਾਬੂ ਕੀਤਾ ਗਿਆ। ਟਰੱਕ ਨੂੰ ਪੁਲਿਸ ਦੀ ਮੌਜੂਦਗੀ ’ਚ ਚੈੱਕ ਕੀਤਾ ਗਿਆ ਤਾਂ ਟਰੱਕ ’ਚ 14 ਗਊ ਵੰਸਾ ਨੂੰ ਬੇਰਹਿਮੀ ਨਾਲ ਬੰਨ੍ਹਿਆ ਨੁੜਿਆ ਹੋਇਆ ਸੀ। ਪੁਲਿਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਤਿੰਨ ਮੁਲਜ਼ਮਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗਊਆਂ ਨੂੰ ਮਲੋਟ ਦੀ ਮਹਾਂਵੀਰ ਗਊਸ਼ਾਲਾ ’ਚ ਸੇਵਾ ਸੰਭਾਲ ਦੇ ਲਈ ਛੱਡਿਆ ਗਿਆ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁੱਖ ਤਸਕਰ ਗੁਰਮੇਲ ਸਿੰਘ ਬੱਬੂ ਦੀ ਭਾਲ ’ਚ ਜੁਟ ਗਈ ਹੈ। ਇਸ ਮੌਕੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਵੰਤ ਸਿੰਘ ਹੈਪੀ, ਮੋਨਟੀ, ਸ੍ਰੀ ਮੁਕਤਸਰ ਸਾਹਿਬ, ਮਲੋਟ ਸੀਤਲ ਬਰਾੜ, ਫਾਜ਼ਿਲਕਾ ਅਬੋਹਰ ਰਾਮ ਕੁਮਾਰ, ਅਸ਼ੀਸ਼ ਕੁਮਾਰ, ਕਾਕੂ, ਮਨੋਜ, ਬਠਿੰਡਾ ਰਾਮਪੁਰਾ ਫੂਲ ਸੁੱਖਾ ਕੋਟੜਾ ਕੋੜਾ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।