ਜਲੰਧਰ : ਥਾਣਾ ਨੰਬਰ ਅੱਠ ਦੇ ਸਬ ਇੰਸਪੈਕਟਰ ਤੇ ਕਾਂਸਟੇਬਲ ਜਦੋਂ ਲਾਠੀ ਮਾਰ ਮਹੱਲਾ ’ਚ ਪਤੀ ਪਤਨੀ ਦੇ ਵਿਵਾਦ ਦਾ ਨੋਟਿਸ ਦੇਣ ਲਈ ਪਹੁੰਚੇ ਤਾਂ ਉਨ੍ਹਾਂ ਉੱਪਰ ਦੋ ਜਣਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਦੋਵਾਂ ਜਣਿਆਂ ਦੀ ਵਰਦੀ ਵੀ ਫਾੜ ਦਿੱਤੀ। ਜਿਸ ਤੋਂ ਬਾਅਦ ਹਮਲਾ ਕਰਨ ਵਾਲੇ ਲਾਠੀ ਮਾਰ ਮੁਹੱਲੇ ਦੇ ਰਹਿਣ ਵਾਲੇ ਰਮੇਸ਼ ਕੁਮਾਰ ਤੇ ਪਿੰਡ ਢੰਡਾ ਦੇ ਰਹਿਣ ਵਾਲੇ ਬਲਜਿੰਦਰ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਅੱਠ ਦੇ ਮੁਖੀ ਇੰਸਪੈਕਟਰ ਗੁਰਮਖ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਬਲਜੀਤ ਸਿੰਘ ਤੇ ਕਾਂਸਟੇਬਲ ਮਨੂ ਕੁਮਾਰ ਪਤੀ ਪਤਨੀ ਦੇ ਵਿਵਾਦ ਦਾ ਨੋਟਿਸ ਦੇਣ ਲਈ ਸੋਮਵਾਰ ਲਾਠੀ ਮਾਰ ਮੁਹੱਲੇ ਗਏ ਸਨ। ਇਸ ਦੌਰਾਨ ਰਮੇਸ਼ ਕੁਮਾਰ ਤੇ ਬਲਜਿੰਦਰ ਕੁਮਾਰ ਉਰਫ਼ ਭਿੰਦਾ ਸਿੰਘ ਨੇ ਪੁਲਿਸ ਪਾਰਟੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਬਹਿਸ ਤੋਂ ਬਾਅਦ ਰਮੇਸ਼ ਨੇ ਪੁਲਿਸ ਮੁਲਾਜ਼ਮਾਂ ਨਾਲ ਮਾਰਕੁੱਟ ਕੀਤੀ ਤੇ ਉਨ੍ਹਾਂ ਦੀ ਵਰਦੀ ਵੀ ਫਾੜ ਦਿੱਤੀ। ਜਿਸ ਤੋਂ ਬਾਅਦ ਸਬ ਇੰਸਪੈਕਟਰ ਨੇ ਫ਼ੋਨ ਕਰਕੇ ਥਾਣੇ ਤੋਂ ਪੁਲਿਸ ਬੁਲਾਈ ਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਇਕ ਸ਼ਿਕਾਇਤ ਦੇ ਸਬੰਧ ’ਚ ਮਹੱਲਾ ਲਾਠੀਮਾਰ ਗਏ ਸਨ। ਜਿੱਥੇ ਉਨ੍ਹਾਂ ਨੇ ਪਤੀ ਪਤਨੀ ਦੇ ਵਿਵਾਦ ਦਾ ਨੋਟਿਸ ਦੇਣਾ ਸੀ। ਇਸ ਦੌਰਾਨ ਮੁਹੱਲੇ ’ਚ ਰਹਿਣ ਵਾਲੇ ਰਮੇਸ਼ ਨੇ ਆਪਣੇ ਸਾਥੀ ਨਾਲ ਮਿਲ ਕੇ ਉਨ੍ਹਾਂ ਦਾ ਵਿਰੋਧ ਕੀਤਾ ਤੇ ਮਾਰਕੁੱਟ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਹ ਤੇ ਕਾਂਸਟੇਬਲ ਮਨੂ ਕੁਮਾਰ ਜ਼ਖ਼ਮੀ ਹੋ ਗਏ।