ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇੱਕ ਵੱਡਾ ਬਿਆਨ ਦਿੰਦਿਆ ਕਿਹਾ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ 'ਤੇ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮ ਵਿਸ਼ਵ ਵਿਆਪੀ ਨਹੀਂ ਉਹ ਸਿਰਫ਼ ਸ੍ਰੀ ਅਕਾਲ ਤਖਤ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਹੀ ਹੁੰਦਾ ਹੈ ਤੇ ਇੱਥੇ ਹੀ ਖਤਮ ਹੋ ਜਾਂਦਾ ਹੈ | ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਅੰਤਿ੍ੰਗ ਕਮੇਟੀ ਦੇ ਅਧਿਕਾਰਾਂ ਤੋਂ ਜਾਣੂ ਕਰਾਉਂਦਿਆਂ ਇਹ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਜਥੇਦਾਰ ਜਾਂ ਕਿਸੇ ਵੀ ਮੁਲਾਜ਼ਮ ਨੂੰ ਸੇਵਾ ਦੇਣ ਜਾਂ ਵਾਪਸ ਲੈਣ ਦੇ ਅਧਿਕਾਰ ਰੱਖਦੀ ਹੈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਸਨ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮ ਵਿਸ਼ਵ ਵਿਆਪੀ ਹੈ ਪਰ ਅੰਤਿ੍ੰਗ ਕਮੇਟੀ ਵੱਲੋਂ ਜੋ ਉਨ੍ਹਾਂ ਨੂੰ ਦੱਸਿਆ ਗਿਆ ਉਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਹੁੰਦਾ ਹੈ ਅਤੇ ਅੰਦਰ ਹੀ ਖਤਮ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸ਼ਹੀਦਾਂ ਦੀਆਂ ਚਿਖਾਵਾਂ ਦੀ ਰੋਸ਼ਨੀ ਵਿੱਚ ਬੈਠ ਕੇ ਲਿਖਿਆ ਗਿਆ ਹੈ। ਸਾਨੂੰ ਇਹਨਾਂ ਸੰਸਥਾਵਾਂ ਨੂੰ ਹਰ ਕੀਮਤ 'ਤੇ ਬਚਾ ਕੇ ਰੱਖਣਾ ਚਾਹੀਦਾ ਹੈ l ਜਥੇਦਾਰ ਨੂੰ ਉਨਾਂ ਦੇ ਅਸਤੀਫੇ ਦੀਆਂ ਚਰਚਾਵਾਂ ਸਬੰਧੀ ਪੁੱਛੇ ਸਵਾਲ 'ਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਗੁਰੂ ਸਾਹਿਬ ਚਾਹੁੰਣਗੇ ਉਨੀਂ ਨਹੀਂ ਦੇਰ ਸੇਵਾਵਾਂ ਦੇਣਗੇ। ਜਿਸ ਤਰ੍ਹਾਂ ਦਾ ਸਮਾਂ ਬਣੇਗਾ ਉਹ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਣਗੇ। ਉਨ੍ਹਾਂ ਕਿਹਾ ਕਿ ਹਰੇਕ ਛੋਟੀ ਵੱਡੀ ਪਦਵੀ ਦਾ ਸਤਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਤਿ੍ੰਗ ਕਮੇਟੀ ਨੇ ਪ੍ਰੈਸ ਕਾਨਫਰਸ ਕਰਦੇ ਹੋਏ ਇਹ ਗੱਲ ਕਹੀ ਹੈ ਕਿ ਜਿਹੜੀ ਸਿੰਘ ਸਾਹਿਬ ਨੇ ਪੋਸਟ ਪਾਈ ਸੀ ਉਹ ਨਹੀਂ ਸੀ ਪਾਉਂਣੀ ਚਾਹੀਦੀ , ਜਥੇਦਾਰ ਨੇ ਕਿਹਾ ਕਿ ਇਹ ਪੋਸਟ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਪਣੇ ਦਿਲ ਦੇ ਵਲਵਲੇ ਨੂੰ ਉਜਾਗਰ ਕਰਨ ਲਈ ਸਾਂਝੀ ਕੀਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਕੋਈ ਵੀ ਆਦੇਸ਼ ਨਹੀਂ ਸੀ ਕੀਤਾ ਤੇ ਪੋਸਟ ਉਨ੍ਹਾਂ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਸੀ। ਜੋ ਉਨ੍ਹਾਂ ਦੇ ਮਨ ਦੀ ਦਸ਼ਾ ਸੀ ਉਸ ਨੂੰ ਵਰਨਣ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਭਰਤੀ ਸਬੰਧੀ ਉਨ੍ਹਾਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਮਿਲੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।