ਲੰਡਨ/ਨੀਦਰਲੈਂਡ, 22 ਫਰਵਰੀ (ਹਰਜੋਤ ਸੰਧੂ)-ਅਮਰੀਕਾ ਤੋਂ ਗੈਰ ਕਨੂੰਨੀ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਹੋ ਰਹੀ ਡਿਪੋਰਟੇਸ਼ਨ ਨੂੰ ਅਧਾਰ ਬਣਾ ਕੇ ਖਾਲਿਸਤਾਨ ਦੀ ਲਹਿਰ ਅਤੇ ਖਾਲਿਸਤਾਨੀ ਕਾਫਲੇ ਨੂੰ ਬਿਨਾ ਵਜ੍ਹਾ ਭੰਡਿਆ ਜਾ ਰਿਹਾ ਹੈ। ਇਸ ਚੱਲ ਰਹੇ ਵਰਤਾਰੇ ’ਤੇ ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਗਿਆ ਹੈ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਪ੍ਰੈਸ ਰਿਲੀਜ਼ ਵਿੱਚ ਆਖਿਆ ਹੈ ਕਿ ਜਿਹੜੇ ਅਮਰੀਕਾ ਵਿੱਚ ਗੈਰ ਕਨੂੰਨੀ ਢੰਗ ਨਾਲ ਦਾਖਲ ਹੋਣ ਕਰਕੇ ਡਿਪੋਰਟ ਹੋ ਰਹੇ ਹਨ, ਉਹ ਵਿਦੇਸ਼ਾਂ ਵਿੱਚ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਵਾਸਤੇ ਗਏ ਸਨ। ਜਿਹਨਾਂ ਨੂੰ ਅਮਰੀਕਾ ਦੀ ਸਰਕਾਰ ਵਲੋਂ ਗ੍ਰਿਫ਼ਤਾਰ ਕਰਕੇ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਇਹ ਵਰਤਾਰਾ ਪਹਿਲੀ ਵਾਰ ਨਹੀਂ ਵਾਪਰਿਆ। ਯੂਰਪ, ਇੰਗਲੈਂਡ, ਕੈਨੇਡਾ,ਅਮਰੀਕਾ ਵਰਗੇ ਦੇਸ਼ਾਂ ਤੋਂ ਹਰ ਸਾਲ ਹਜਾਰਾਂ ਦੀ ਤਾਦਾਦ ਵਿੱਚ ਗੈਰ ਕਨੂੰਨੀ ਤੌਰ ਰਹਿ ਰਹੇ ਵਿਅਕਤੀ ਡਿਪੋਰਟ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। ਪਰ ਅਮਰੀਕਾ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ। ਇਸਦਾ ਇਹੀ ਕਾਰਨ ਹੈ ਕਿ ਅਮਰੀਕਾ ਨੇ ਆਪਣੇ ਸਿਟੀਜਨ ਖਾਲਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨਕਾਮ ਕਰ ਦਿੱਤੀ, ਕਥਿਤ ਦੋਸ਼ੀ ਨੂੰ ਵਿਦੇਸ਼ ਤੋਂ ਲਿਆ ਕੇ ਅਮਰੀਕਾ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਗੋਇਲ ਵਰਗੇ ਇਸ ਦੇ ਸਹਿ ਸਾਜਿਸ਼ ਕਰਤਾਵਾਂ ਦੇ ਗਲਮੇ ਨੂੰ ਹੱਥ ਪਾ ਲਿਆ ਹੈ। ਇਸ ਡਿਪੋਰਟੇਸ਼ਨ ਦੀ ਆੜ ਹੇਠ ਖਾਲਿਸਤਾਨੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਸ਼ੋਸ਼ਲ ਮੀਡੀਏ ਤੇ ਭਾਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਜਿਸਦੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਖਤ ਨਿਖੇਧੀ ਕੀਤੀ ਗਈ ਹੈ। ਜਿਹੜੇ ਲੋਕ ਸ੍ਰ. ਸਿਮਰਨਜੀਤ ਸਿੰਘ ਮਾਨ ਤੇ ਚਿੱਠੀਆਂ ਵੇਚਣ ਦੇ ਦੋਸ਼ ਲਗਾ ਰਹੇ ਹਨ,ਕੀ ਉਹਨਾਂ ਨੇ ਚਿੱਠੀਆਂ ਖਰੀਦਣ ਵਾਸਤੇ ਇਹਨਾਂ ਅਕਿਰਤਘਣ ਲੋਕਾਂ ਨੂੰ ਸੱਦਾ ਭੇਜਿਆ ਗਿਆ ਸੀ? ਇਹਨਾਂ ਨੂੰ ਸਿਆਸੀ ਪਨਾਹ ਲੈਣ ਵਾਸਤੇ ਸਪੋਰਟਿੰਗ ਲੈਟਰ ਜਾਂ ਮੈਂਬਰਸ਼ਿੱਪ ਚਾਹੀਦੀ ਹੋਵੇਗੀ ਤਾਂ ਇਹਨਾਂ ਆਪਣੀ ਲੋੜ ਵਾਸਤੇ ਪ੍ਰਾਪਤ ਕੀਤੀ ਹੋਵੇਗੀ ਹੈ। ਜਿਸ ਵਾਸਤੇ ਉਹਨਾਂ ਨਿਰਧਾਰਿਤ ਫੀਸ ਰੱਖੀ ਹੋਈ ਹੋਵੇਗੀ। ਜਿਸ ਪਾਰਟੀ ਦਾ ਨਾਮ ਵਰਤ ਤੁਸੀਂ ਪੱਕੇ ਤੌਰ ਤੇ ਅਮਰੀਕਾ ਦੇ ਵਸਨੀਕ ਬਣ ਜਾਣਾ ਅਤੇ ਆਪਣਾ ਸਾਰਾ ਕੋੜਮਾ ਅਮਰੀਕਾ ਸੈੱਟ ਕਰ ਲੈਣਾ ਅਗਰ ਉਹਨਾਂ ਪਾਰਟੀ ਫੰਡ ਵਜੋਂ ਕੋਈ ਫੀਸ ਲੈ ਲਈ ਹੋਵੇਗੀ ਤਾਂ ਇਹਦੇ ਵਿੱਚ ਗਲਤ ਕੀ ਹੈ। ਕੋਈ ਕਹਿ ਰਿਹਾ ਕਿ ਅਮਰੀਕਾ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਨਹੀਂ ਚੱਲਦੀ। ਜੇ ਸਿਮਰਨਜੀਤ ਸਿੰਘ ਮਾਨ ਦੀ ਨਹੀਂ ਚੱਲਦੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈ ਜਾਂਦੇ। ਇਹ ਲੋਕ ਇੱਕ ਪਾਸੇ ਲੇਲੜੀਆਂ ਕੱਢ ਕੱਢ ਚਿੱਠੀਆਂ ਮੰਗਦੇ ਅਤੇ ਦੂਜੇ ਪਾਸੇ ਅਲੋਚਨਾ ਕਰ ਰਹੇ ਹਨ। ਯੂਨਾਈਟਿਡ ਖਾਲਸਾ ਦਲ ਯੂ.ਕੇ ਵਲੋਂ ਆਖਿਆ ਗਿਆ ਕਿ ਗੈਰ ਕਨੂੰਨੀ ਢੰਗ ਨਾਲ ਦਾਖਲ ਹੋਣ ਜਾਂ ਵੀਜਾ ਮਿਆਦ ਖਤਮ ਹੋਣ ਕਾਰਨ ਅਮਰੀਕਾ ਤੋਂ ਹੋ ਰਹੀ ਡਿਪੋਰਟੇਸ਼ਨ ਨਾਲ ਖਾਲਿਸਤਾਨ ਦੀ ਲਹਿਰ ਦਾ ਕੋਈ ਸਬੰਧ ਨਹੀ ਹੈ। ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ ਅਤੇ ਜਾਰੀ ਰਹੇਗਾ।