ਬਰਨਾਲਾ, 22 ਫਰਵਰੀ (ਚਮਕੌਰ ਸਿੰਘ ਗੱਗੀ)-ਸਿਰਫ ਇੱਕ ਵਿਅਕਤੀ ਨੂੰ ਸਿਆਸਤ ਵਿੱਚ ਜ਼ਿੰਦਾ ਰੱਖਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ 2 ਦਸੰਬਰ 2024 ਨੂੰ ਹੋਏ ਹੁਕਮਨਾਮੇ ਤੋਂ ਮੁਨਕਰ ਹੋ ਚੁੱਕੇ ਸੁਆਰਥੀ, ਮੌਕਾਪ੍ਰਸਤ, ਖੁਦਗਰਜਾਂ ਦੇ ਟੋਲੇ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀਂ ਕਰੇਗੀ। ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖਾਲਸਾ ਨੇ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦੌਰਾਨ ਹੋਏ ਬੱਜਰ ਗੁਨਾਹਾਂ ਤੋ ਸਬਕ ਸਿੱਖਣ ਦੀ ਥਾਂ ਅਸਿੱਧੇ ਤੌਰ ’ਤੇ ਆਪਣੇ ਚਹੇਤਿਆਂ ਰਾਹੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਗਾਵਤ ਕਰਕੇ ਆਪਣੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਾਲੇ ਰਾਹ ਤੁਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਤੱਥਾਂ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜੂਨ 1978 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰੰਕਾਰੀਆਂ ਦੇ ਸਮਾਜਿਕ ਬਾਈਕਾਟ ਸਬੰਧੀ ਹੋਏ ਹੁਕਮਨਾਮੇ ਨੂੰ 17 ਜੂਨ 1978 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਕੇ ਚੁਣੌਤੀ ਦਿੱਤੀ ਸੀ ਕਿ ਇਹ ਹੁਕਮਨਾਮਾ ਸਿਰਫ ਉਨ੍ਹਾਂ ਲਈ ਹੈ, ਜਿਹੜੇ ਅਕਾਲ ਤਖ਼ਤ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ। ਨਿਰੰਕਾਰੀਆਂ ਵੱਲੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੂਜੀ ਵਾਰ 27 ਅਗਸਤ 1979 ਉਲੀਕੇ ਗਏ ਪ੍ਰੋਗਰਾਮ ਨੂੰ ਨਿਰਵਿਘਤਾ ਪੂਰਨ ਨੇਪਰੇ ਚਾੜਣ ਲਈ ਬਾਦਲ ਵੱਲੋਂ ਪ੍ਰਸ਼ਾਸਨ ਨੂੰ 2 ਦਿਨ ਪਹਿਲਾਂ ਦਿੱਤੀਆਂ ਗਈਆਂ ਹਦਾਇਤਾਂ ਦੀਆਂ ਖ਼ਬਰਾਂ ਵੀ ਉਸ ਵੇਲੇ ਦੇ ਅਖਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਸੀ। ਸੰਨ 1979 ਵਿੱਚ ਜਦੋਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋਣ ਲਈ ਕਿਹਾ ਤਾਂ ਬਾਦਲ ਨੇ ਇਹ ਜਵਾਬ ਭੇਜਿਆ ਸੀ ਕਿ ਮੈਂ ਮੁੱਖ ਮੰਤਰੀ ਹੁੰਦਿਆਂ ਤਲਬ ਨਹੀਂ ਹੋ ਸਕਦਾ। ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਖੁਦ ਹੁਕਮਰਾਨ ਹੁੰਦਿਆਂ, ਗਿ. ਜੈਲ ਸਿੰਘ ਬਤੌਰ ਰਾਸ਼ਟਰਪਤੀ,ਬੂਟਾ ਸਿੰਘ ਗ੍ਰਹਿ ਮੰਤਰੀ ਹੁੰਦਿਆਂ, ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਹੁੰਦਿਆਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਸਨ। ਪ੍ਰੋ.ਮਨਜੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 13 ਅਪ੍ਰੈਲ 1994 ਨੂੰ ਹੁਕਮਨਾਮਾ ਹੋਇਆ ਕਿ ਅਕਾਲੀ ਦਲ ਦੇ ਸਾਰੇ ਧੜੇ ਭੰਗ ਕਰਕੇ 25 ਅਪ੍ਰੈਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਮਲ ਹੋਣ, ਉਸ ਦਿਨ ਸਿਰਫ ਬਾਦਲ ਗਰੁੱਪ ਹੀ ਗੈਰ ਹਾਜ਼ਰ ਸੀ। 2 ਮਈ 1994 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਫੈਸਲੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਥਾਪਨਾ ਹੋਈ। ਜਦੋਂ 6 ਮਈ 1994 ਨੂੰ ਪ੍ਰਕਾਸ਼ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਸੱਦਿਆ ਗਿਆ ਤਾਂ ਉਹ ਹਜੂਮ ਲੈ ਕੇ ਧਾੜਵੀਆਂ ਵਾਂਗ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਿਆ ਅਤੇ ਉਸਦੇ ਨਾਲ ਆਏ ਸਮੱਰਥਕਾਂ ਨੇ ਜਥੇਦਾਰ ਲਈ ਅਪਮਾਨਜਨਕ ਸ਼ਬਦ ਵੀ ਬੋਲੇ। ਬਾਦਲ ਵੱਲੋਂ ਵੱਖਰਾ ਅਕਾਲੀ ਦਲ ਬਣਾਉਣ ਦੀ ਇਜਾਜ਼ਤ ਮਿਲਣ ਸਬੰਧੀ ਬੋਲੇ ਝੂਠ ਨੂੰ ਜਥੇਦਾਰ ਪ੍ਰੋ. ਮਨਜੀਤ ਸਿੰਘ ਵੱਲੋਂ ਸੰਗਤ ਵਿੱਚ ਨੰਗਾ ਕੀਤਾ ਗਿਆ ਸੀ। ਸੰਨ 1999 ਵਿੱਚ ਖ਼ਾਲਸੇ ਦਾ 300 ਸਾਲਾ ਪ੍ਰਗਟ ਦਿਹਾੜਾ ਮਨਾਉਣ ਮੌਕੇ ਜਦੋਂ ਬਾਦਲ-ਟੌਹੜਾ ਵਿਵਾਦ ਸਿਖਰ ਤੇ ਸੀ ਤਾਂ 31 ਦਸੰਬਰ 1998 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਵੱਲੋਂ ਖ਼ਾਲਸੇ ਦਾ 300 ਸਾਲਾ ਮਿਲਜੁਲ ਕੇ ਏਕਤਾ ਨਾਲ ਮਨਾਉਣ ਸਬੰਧੀ ਹੁਕਮ ਦਿੱਤਾ ਗਿਆ ਸੀ, ਤਾਂ 24 ਜਨਵਰੀ 1999 ਨੂੰ ਆਪਣੀ ਸਰਕਾਰੀ ਕੋਠੀ ਵਿੱਚ ਸ੍ਰੋ. ਕਮੇਟੀ ਦੇ 133 ਮੈਂਬਰਾਂ ਨੂੰ ਸੱਦਕੇ ਮਤਾ ਪਵਾਇਆ ਕਿ ਜਥੇਦਾਰ ਰਣਜੀਤ ਸਿੰਘ ਨੂੰ ਇਹ ਹੁਕਮ ਵਾਪਸ ਲੈਣਾ ਚਾਹੀਦਾ ਹੈ। 25 ਜਨਵਰੀ 1999 ਨੂੰ ਜਦੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਹੁਕਮਨਾਮੇ ਰਾਹੀਂ ਸ੍ਰੋ. ਕਮੇਟੀ ਮੈਂਬਰਾਂ ਨੂੰ ਪੁੱਛਿਆ ਕਿ 11 ਫਰਵਰੀ 1999 ਤੱਕ ਸਪੱਸ਼ਟ ਕਰੋ ਕਿ ਮਤੇ ਦੇ ਹੇਠਾਂ ਹਸਤਾਖਰ ਤੁਹਾਡੇ ਹਨ। ਜਦੋਂ 10 ਫਰਵਰੀ 1999 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਬਾਦਲ ਦਾ ਬਾਈਕਾਟ ਕੀਤਾ ਜਾਵੇ ਤਾਂ ਬਾਦਲ ਨੇ ਸ਼੍ਰੋ. ਕਮੇਟੀ ਦੇ ਅਗਜੈਕਟਿਵ ਮੈਂਬਰਾਂ ਦੀ ਮੀਟਿੰਗ ਸੱਦੀ, ਜਿਸ ਵਿੱਚ ਸਿਰਫ 15 ਅਗਜੈਕਟਿਵ ਮੈਂਬਰ ਸ਼ਾਮਲ ਹੋਏ। ਇੰਨਾਂ 15 ਵਿੱਚੋਂ ਵੀ ਸਿਰਫ 10 ਮੈਂਬਰਾਂ ਨੇ ਹੀ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਬਰਖ਼ਾਸਤ ਕਰ ਦਿੱਤਾ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 7 ਦਸੰਬਰ 2000 ਨੂੰ ਪ੍ਰੈੱਸ ਰਾਹੀ ਆਰ. ਐੱਸ.ਐੱਸ.ਨੂੰ ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰਾ ਦੱਸਦਿਆਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣ ਲਈ ਕਿਹਾ ਤਾਂ 9 ਦਸੰਬਰ ਨੂੰ ਬਾਦਲ ਨੇ ਆਰ.ਐੱਸ.ਐੱਸ. ਨੂੰ ਦੇਸ਼ ਭਗਤਾਂ ਦੀ ਜਥੇਬੰਦੀ ਦੱਸਦਿਆਂ ਇਸ ਜਥੇਬੰਦੀ ਖ਼ਿਲਾਫ਼ ਬਿਆਨ ਦੇਣ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨਿਆ। ਬਾਦਲ ਦੇ ਰਾਜ ਵਿੱਚ ਭਨਿਆਰਾ ਵਾਲੇ ਸਾਧ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ 13 ਥਾਂਵਾਂ ਤੇ ਅੱਗਾਂ ਲਗਵਾਈਆਂ, ਉਸਤੇ ਸਖ਼ਤ ਕਾਰਵਾਈ ਨਾ ਹੋਈ। ਬਲਕਿ ਜਦੋਂ ਅਕਾਲ ਤਖ਼ਤ ਸਾਹਿਬ ਵੱਲੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ 9 ਜੁਲਾਈ 2001 ਨੂੰ ਭਨਿਆਰਾ ਵਾਲੇ ਨਾਲ ਕੋਈ ਰਾਬਤਾ ਨਾ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਤਾਂ ਬਾਦਲ ਨੇ ਆਪਣੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੂੰ ਭਨਿਆਰਾ ਵਾਲੇ ਦੇ ਡੇਰੇ ਭੇਜਿਆ। ਨੂਰਮਹਿਲੀਏ ਅਤੇ ਸੌਦਾ ਸਾਧ ਨਾਲ ਯਾਰੀਆਂ ਨਿਭਾਉਣ ਵਾਲੇ ਬਾਦਲ ਨੂੰ 5 ਦਸੰਬਰ 2011 ਨੂੰ ਜਥੇਦਾਰਾਂ ਵੱਲੋਂ ਦਿੱਤਾ ਫਖਰ ਏ ਕੌਮ ਦਾ ਖ਼ਿਤਾਬ 2 ਦਸੰਬਰ 2024 ਨੂੰ ਵਾਪਸ ਲੈਣ ਦੇ ਹੁਕਮਨਾਮੇ ਦਾ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਸਵਾਗਤ ਹੋਇਆ। ਭਾਈ ਮਾਝੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੀ ਅਪਣੇ ਪਿਤਾ ਵਾਂਗ ਅਕਾਲ ਤਖ਼ਤ ਸਾਹਿਬ ਦਾ ਬਾਗ਼ੀ ਬਣ ਗਿਆ ਹੈ, ਜਿਸ ਤੇ ਸਿੱਖ ਕੌਮ ਕਦੇ ਇਤਬਾਰ ਨਹੀਂ ਕਰੇਗੀ।