ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਸੈਸ਼ਨ ਦੀ ਕਾਰਵਾਈ ਦੇਖਣ ਲਈ ਪਹੁੰਚੇ।ਹਰਿਆਣਾ ਦੇ ਮੁੱਖ ਮੰਤਰੀ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਾਵਾ ਨੂੰ ਮਿਲਣ ਲਈ ਪੰਜਾਬ ਵਿਧਾਨ ਸਭਾ ਪਹੁੰਚੇ।
ਪੰਜਾਬ ਸਰਕਾਰ 2025-26 ਦਾ ਭਲਕੇ ਪੇਸ਼ ਕਰੇਗੀ ਬਜਟ
ਭਲਕੇ ਪੰਜਾਬ ਸਰਕਾਰ 2025-26 ਦਾ ਬਜਟ ਪੇਸ਼ ਕਰੇਗੀ। ਇਸ ਸਾਲ ਪੰਜਾਬ ਸਰਕਾਰ ਲਗਭਗ 2.15 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕਰੇਗੀ। ਇਹ ਰਕਮ ਪਿਛਲੀ ਵਾਰ ਨਾਲੋਂ ਲਗਪਗ 5% ਵੱਧ ਹੈ। ਇਸ ਹਿਸਾਬ ਨਾਲ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਸਭ ਤੋਂ ਵੱਡਾ ਬਜਟ ਹੋਵੇਗਾ।
ਕੱਲ੍ਹ ਕਾਂਗਰਸੀ ਵਿਧਾਇਕਾਂ ਨੇ ਦੋ ਵਾਰ ਕੀਤਾ ਸੀ ਵਾਕਾਊਟ
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਨੂੰ ਵੀ ਹੰਗਾਮਾ ਭਰਪੂਰ ਰਿਹਾ ਸੀ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਲਾ ਤਣਾਅ ਸੋਮਵਾਰ ਨੂੰ ਸਿਖਰ ’ਤੇ ਪੁੱਜ ਗਿਆ ਸੀ। ਸਿਫ਼ਰ ਕਾਲ ਤੇ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਦੋ ਵਾਰ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਲਈ ਸਮਾਂ ਨਾ ਦਿੱਤਾ। ਇਸ ’ਤੇ ਕਾਂਗਰਸ ਨੇ ਸਪੀਕਰ ਦੀ ਕੁਰਸੀ ਅੱਗੇ (ਵੈੱਲ) ਜਾ ਕੇ ਨਾਅਰੇਬਾਜ਼ੀ ਕੀਤੀ। ਇਸ ’ਤੇ ਕਾਂਗਰਸੀ ਵਿਧਾਇਕਾਂ ਤੇ ਸਪੀਕਰ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋਈ ਤੇ ਫਿਰ ਕਾਂਗਰਸੀ ਵਿਧਾਇਕਾਂ ਨੇ ਦੋ ਵਾਰ ਸਦਨ ’ਚੋਂ ਵਾਕਆਊਟ ਕਰ ਲਿਾਆ।
ਬੀਤੇ ਦਿਨ ਸਿਫ਼ਰ ਕਾਲ ਦੌਰਾਨ ਸੁਖਪਾਲ ਖਹਿਰਾ ਬੋਲਣ ਲਈ ਵਾਰ-ਵਾਰ ਹੱਥ ਖੜ੍ਹਾ ਕਰਦੇ ਰਹੇ ਤੇ ਖੜ੍ਹੇ ਹੁੰਦੇ ਰਹੇ ਪਰ ਸਪੀਕਰ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਬੋਲਣ ਲਈ ਕਿਹਾ। ਇਸ ’ਤੇ ਭਾਜਪਾ ਵਿਧਾਇਕ ਵੀ ਹੈਰਾਨ ਰਹਿ ਗਏ। ਉਨ੍ਹਾਂ ਕਿਹਾ ਕਿ ਸਪੀਕਰ ਸਾਹਬ ਤਾਂ ਕਾਫੀ ਮਿਹਨਬਾਨ ਹਨ। ਬਾਅਦ ’ਚ ਜਦੋਂ ਖਹਿਰਾ ਨੇ ਮੁੜ ਹੱਥ ਖੜ੍ਹਾ ਕੀਤਾ ਤਾਂ ਸਪੀਕਰ ਨੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਬੋਲਣ ਲਈ ਕਹਿ ਦਿੱਤਾ। ਇਸ ’ਤੇ ਖਹਿਰਾ ਨਾਰਾਜ਼ ਹੋ ਗਏ। ਉਨ੍ਹਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਉੱਠਣ ਲਈ ਕਿਹਾ। ਕਾਂਗਰਸੀ ਵਿਧਾਇਕ ਵੈੱਲ ’ਚ ਆ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਸਪੀਕਰ ਤੇ ਖਹਿਰਾ ਦਰਮਿਆਨ ਤਿੱਖੀ ਬਹਿਸ ਹੋਈ। ਬਾਅਦ ’ਚ ਕਾਂਗਰਸੀ ਵਿਧਾਇਕ ਸਦਨ ’ਚੋ ਵਾਕਆਊਟ ਕਰ ਗਏ। ਹਾਲਾਂਕਿ ਰਾਣਾ ਗੁਰਜੀਤ ਸਿੰਘ ਤੇ ਬਲਵਿੰਦਰ ਸਿੰਘ ਲਾਡੀ ਸ਼ੇਰੋਵਾਲੀਆ ਕੁੱਝ ਦੇਰ ਰੁਕਣ ਤੋਂ ਬਾਅਦ ਸਦਨ ਤੋਂ ਬਾਹਰ ਗਏ ਤੇ ਤੁਰੰਤ ਵਾਪਸ ਵੀ ਮੁੜ ਆਏ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਵਿਚਕਾਰ ਸ਼ੁਰੂ ਤੋਂ ਹੀ ਛੱਤੀ ਦਾ ਅੰਕੜਾ ਰਿਹਾ ਹੈ।