ਲੁਧਿਆਣਾ : ਕਟਰ ਨਾਲ ਗਰਿੱਲ ਕੱਟ ਕੇ ਬੈਂਕ 'ਚ ਦਾਖਲ ਹੋਏ ਚੋਰਾਂ ਨੇ ਸੇਫ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਜਦ ਸਟਰਾਂਗ ਰੂਮ ਖੋਲ੍ਹਣ 'ਚ ਸਫਲ ਨਾ ਹੋ ਸਕੇ ਤਾਂ ਬਦਮਾਸ਼ਾਂ ਨੇ ਉੱਥੇ ਅੱਗ ਲਗਾ ਦਿੱਤੀ। ਮੁਲਜ਼ਮਾਂ ਦੀ ਇਸ ਹਰਕਤ ਨਾਲ ਸੇਫ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਪਰ ਕੈਸ਼ ਬਿਲਕੁਲ ਸੁਰੱਖਿਅਤ ਰਿਹਾ। ਇਸ ਮਾਮਲੇ 'ਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਪਿੰਡ ਗੜ੍ਹਾ ਫਿਲੌਰ ਦੇ ਰਹਿਣ ਵਾਲੇ ਬੈਂਕ ਮੈਨੇਜਰ ਅੰਮ੍ਰਿਤ ਪਾਲ ਸਿੰਘ ਦੀ ਸ਼ਿਕਾਇਤ 'ਤੇ ਤਿੰਨ ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪਿੰਡ ਹੰਬੜਾਂ 'ਚ ਪੈਂਦੇ ਬੈਂਕ ਆਫ ਇੰਡੀਆ ਦੇ ਬ੍ਰਾਂਚ ਮੈਨੇਜਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕੁਝ ਦਿਨ ਪਹਿਲੋਂ ਦੇਰ ਰਾਤ ਤਿੰਨ ਵਿਅਕਤੀ ਬੈਂਕ ਦੇ ਪਿਛਲੇ ਰਿਕਾਰਡ ਰੂਮ ਦੀ ਲੋਹੇ ਦੀ ਗਰਿੱਲ ਕਟਰ ਨਾਲ ਕੱਟ ਕੇ ਅੰਦਰ ਦਾਖਲ ਹੋ ਗਏ। ਮੁਲਜ਼ਮਾਂ ਨੇ ਬੈਂਕ ਦੇ ਸਟਰਾਂਗ ਰੂਮ ਦੀ ਕੰਧ ਤੋੜਨ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਸੀਆਰਐਮ ਮਸ਼ੀਨ ਦਾ ਓਪਰੇਟਿੰਗ ਸਿਸਟਮ ਵੀ ਤੋੜ ਦਿੱਤਾ। ਜਦ ਮੁਲਜ਼ਮ ਕੈਸ਼ ਤਕ ਪਹੁੰਚਣ 'ਚ ਅਸਫਲ ਰਹੇ ਤਾਂ ਉਨ੍ਹਾਂ ਸੀਆਰਐਮ ਮਸ਼ੀਨ ਦੇ ਓਪਰੇਟਿੰਗ ਸਿਸਟਮ ਨੂੰ ਅੱਗ ਲਗਾ ਦਿੱਤੀ। ਮਸ਼ੀਨ ਦਾ ਸੇਫ ਜਿਸ ਵਿਚ ਕੈਸ਼ ਹੁੰਦਾ ਹੈ ਉਹ ਨਹੀਂ ਖੁੱਲ੍ਹ ਸਕਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੇਫ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ।
ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਬਦਮਾਸ਼ਾਂ ਦੀਆਂ ਤਸਵੀਰਾਂ
ਇਸ ਮਾਮਲੇ 'ਚ ਬੈਂਕ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਬਦਮਾਸ਼ਾਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਜਾਂਚ ਅਧਿਕਾਰੀ ਏਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਫੁਟੇਜ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।