ਧਨੌਲਾ, 25 ਮਾਰਚ (ਚਮਕੌਰ ਸਿੰਘ ਗੱਗੀ)-ਨਗਰ ਕੌਂਸਲ ਧਨੌਲਾ ਵਿੱਚ ਵੀਹ ਕਰੋੜ ਦੀ ਗ੍ਰਾਂਟ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਡੀਐਮਕੇ ਬਿਲਡਰਜ ਫਰਮ ਠੇਕੇਦਾਰਾਂ ਵੱਲੋਂ ਵਰਤੇ ਗਏ ਘਟੀਆ ਮਟੀਰੀਅਲ ਦੀ ਕੀਤੀ ਸ਼ਿਕਾਇਤ ਮਗਰੋਂ ਜਾਂਚ ਲਈ ਵਿਜੀਲੈਂਸ ਟੀਮ ਟੈਕਨੀਕਲ ਮਾਹਿਰ ਅਫਸਰਾਂ ਸਮੇਤ ਧਨੌਲਾ ਪਹੁੰਚੇ ਅਤੇ ਡੀਐਮਕੇ ਬਿਲਡਰਜ਼ ਵੱਲੋਂ ਕੀਤੇ ਕੰਮਾਂ ਦੀ ਜਾਂਚ ਕੀਤੀ ਅਤੇ ਸੜਕ ਤੇ ਲੱਗੀਆਂ ਇੰਟਰਲਾਕ ਟਾਇਲ ਦਾ ਨਮੂਨਾ ਲਿਆ ਅਤੇ ਟਾਈਲ ਨੀਚੇ ਪਾਏ ਮਟੀਰੀਅਲ ਦੀ ਜਾਂਚ ਕੀਤੀ ਅਤੇ ਐਸਟੀਮੇਟ ਨਾਲ ਮਿਲਾਨ ਕੀਤਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਧਨੌਲਾ ਦੇ ਵਿਕਾਸ ਲਈ ਵੀਹ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਜਿਸ ਵਿੱਚ ਧਨੌਲਾ ਦੇ ਵੱਖ ਵੱਖ ਕੰਮਾਂ ਸਮੇਤ ਗਲੀਆਂ ਨਾਲੀਆਂ ਸੀਵਰੇਜ ਇਨਡੋਰ ਸਟੇਡੀਅਮ ਬਣਾਇਆ ਜਾਣ ਦੇ ਲਈ ਵੱਖ ਵੱਖ ਟੈਂਡਰ ਅਲਾਟ ਹੋਏ ਸਨ, ਜਿਨ੍ਹਾਂ ਵਿੱਚ ਜਿਆਦਾਤਰ ਕੰਮ ਡੀਐਮਕੇ ਫਰਮ ਦੇ ਹਿੱਸੇ ਆਇਆ, ਜਿਸ ਵੱਲੋਂ ਬਣਾਈਆਂ ਗਲੀਆਂ ਵਿੱਚ ਜਿੱਥੇ ਘਟੀਆਂ ਕਿਸਮ ਦੀਆਂ ਟਾਈਲਾਂ ਲਾਈਆਂ ਗਈਆਂ ਉਥੇ ਪਾਸ ਹੋਏ ਐਸਟੀਮੇਟ ਅਨੁਸਾਰ ਗਟਕਾ ਸੀਮਿੰਟ ਨਹੀਂ ਪਾਇਆ ਗਿਆ, ਇਮਾਨਦਾਰ ਸਰਕਾਰ ਵਿੱਚ ਨਗਰ ਕੌਂਸਲ ਧਨੌਲਾ ਦੇ ਭ੍ਰਿਸ਼ਟ ਅਫ਼ਸਰਾਂ ਵੱਲੋਂ ਕਥਿਤ ਤੌਰ ਤੇ ਮਿਲੀਭੁਗਤ ਸਦਕਾ ਵੱਡੇ ਘਪਲੇ ਕੀਤੇ ਗਏ ਸਨ, ਤੇ ਠੇਕੇਦਾਰਾਂ ਵਲੋਂ ਕੀਤੇ ਕੰਮਾਂ ਦੀ ਜਾਂਚ ਕੀਤੇ ਬਿਨਾਂ ਠੇਕੇਦਾਰਾਂ ਨੂੰ ਅਦਾਇਗੀਆਂ ਕੀਤੀਆਂ ਗਈਆਂ। ਜਿਸ ਸਬੰਧੀ ਸੀਐਮ ਪੰਜਾਬ ਦੇ ਪੋਰਟਲ ਸਮੇਤ ਵਿਜੀਲੈਂਸ ਦੇ ਚੀਫ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਧਨੌਲਾ ਵਿਖੇ ਵਿਜੀਲੈਂਸ ਬਰਨਾਲਾ ਦੀ ਟੀਮ ਟੈਕਨੀਕਲ ਮਾਹਿਰ ਅਫਸਰਾਂ ਨੂੰ ਲੈ ਕੇ ਧਨੌਲਾ ਡੀਐਮ ਕੇ ਵੈਲਡਰ ਦੇ ਕੰਮਾਂ ਦੀ ਜਾਂਚ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਬਿਲਾਂ ਦੀਆਂ ਕੀਤੀਆਂ ਅਦਾਇਗੀਆਂ ਦੀ ਜਾਂਚ ਕੀਤੀ ਉਥੇ ਉਹਨਾਂ ਵੱਲੋਂ ਮਟੀਰੀਅਲ ਦੇ ਵੀ ਸੈਂਪਲ ਲਏ ਗਏ।ਇਸ ਮੌਕੇ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਸ ਅਧੀਨ ਹੋਏ ਕੰਮਾਂ ਵਿੱਚ ਵਿੱਚ ਘਟੀਆ ਮਟੀਰੀਅਲ ਵਰਤੇ ਜਾਣ ਦੀ ਸ਼ਿਕਾਇਤ ਸੀ, ਜਿਸ ਸਬੰਧੀ ਸਾਡੇ ਵੱਲੋਂ ਕੰਮਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਇਸ ਵਿੱਚ ਭ੍ਰਿਸ਼ਟਾਚਾਰ ਦਿਖਿਆ ਤਾਂ ਜੋ ਵੀ ਕੋਈ ਇਸ ਵਿੱਚ ਸ਼ਾਮਿਲ ਵਿਅਕਤੀ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।