ਲੁਧਿਆਣਾ : ਅਪ੍ਰੈਲ ਦੇ ਪਹਿਲੇ ਹਫ਼ਤੇ ’ਚ ਹੀ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਪੁੱਜ ਗਿਆ ਹੈ। ਆਉਣ ਵਾਲੇ ਦਿਨਾਂ ’ਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਐਤਵਾਰ ਨੂੰ ਪੰਜਾਬ ’ਚ ਬਠਿੰਡਾ ਸਭ ਤੋਂ ਗਰਮ ਰਿਹਾ ਤੇ ਇੱਥੇ ਵੱਧ ਤੋਂ ਵੱਧ ਤਾਮਪਨਾ 39.7 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜਿਹੜਾ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਵੱਧ ਰਿਹਾ। ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 38.4, ਲੁਧਿਆਣਾ ’ਚ 38.1, ਫ਼ਰੀਦਕੋਟ ’ਚ 38, ਚੰਡੀਗੜ੍ਹ ’ਚ 37.4, ਫ਼ਿਰੋਜ਼ਪੁਰ ’ਚ 37, ਫ਼ਤਹਿਗੜ੍ਹ ਸਾਹਿਬ ’ਚ 37, ਜਲੰਧਰ ’ਚ 35.9, ਮੋਗਾ ’ਚ 35.4 ਤੇ ਹੁਸ਼ਿਆਰਪੁਰ ’ਚ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਸੱਤ ਅਪ੍ਰੈਲ ਤੋਂ ਚਾਰ ਦਿਨ ਤੱਕ ਵੱਧ ਤੋਂ ਵੱਧ ਤਾਪਮਾਨ ’ਚ ਦੋ ਤੋਂ ਚਾਰ ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ ਤੇ ਲੂ ਚੱਲਣ ਦੀ ਸੰਭਾਵਨਾ ਹੈ। 10 ਅਪ੍ਰੈਲ ਤੱਕ ਪੰਜਾਬ ਦੇ ਦੱਖਣੀ ਤੇ ਪੱਛਮੀ ਹਿੱਸਿਆਂ ’ਚ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਤੱਕ ਪੁੱਜਣ ਦੀ ਸੰਭਾਵਨਾ ਹੈ।