ਸੰਗਰੂਰ : ਬਠਿੰਡਾ-ਜ਼ੀਰਕਪੁਰ ਕੌਮੀ ਹਾਈਵੇ 'ਤੇ ਮੰਗਲਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਲੋਹੇ ਦੇ ਖੰਭੇ ਨਾਲ ਜਾ ਟਕਰਾਈ।
ਕਾਰ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਨੂੰ ਜ਼ਖ਼ਮੀ ਹਾਲਤ 'ਚ ਸਿਵਿਲ ਹਸਪਤਾਲ ਸੰਗਰੂਰ ਲਿਜਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਹਾਦਸੇ ਦੇ ਸ਼ਿਕਾਰ ਹੋਏ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਪਟਿਆਲਾ ਜਾ ਰਿਹਾ ਸੀ ਪਰਿਵਾਰ
ਜਾਣਕਾਰੀ ਅਨੁਸਾਰ ਰਾਮਾ ਮੰਡੀ ਦਾ ਪਰਿਵਾਰ ਗੱਡੀ 'ਚ ਬਠਿੰਡਾ ਤੋਂ ਪਟਿਆਲਾ ਜਾ ਰਿਹਾ ਸੀ। ਜਦੋਂ ਉਹ ਸੰਗਰੂਰ ਦੇ ਨਾਲ ਲੱਗਦੇ ਉਪਲੀ ਫਲਾਈਓਵਰ ਨੂੰ ਪਾਰ ਕਰ ਕੇ ਪਿੰਡ ਰਾਮਨਗਰ ਸਿਬੀਆਂ ਦੇ ਕੱਟ ਨੇੜੇ ਪਹੁੰਚੇ, ਤਾਂ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਖੰਭੇ ਨਾਲ ਟਕਰਾ ਗਈ।
ਹਾਦਸੇ 'ਚ 65 ਸਾਲਾ ਕ੍ਰਿਸ਼ਨ ਲਾਲ, 66 ਸਾਲਾ ਜਤਿੰਦਰ ਸਿੰਘ ਤੇ 42 ਸਾਲਾ ਰਵਿ ਕੁਮਾਰ ਨਿਵਾਸੀ ਰਾਮਾ ਮੰਡੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕਾਰ ਸਵਾਰ 24 ਸਾਲਾ ਕਰਨ ਕੁਮਾਰ ਪੁੱਤਰ ਜਤਿੰਦਰ ਨੂੰ ਗੰਭੀਰ ਹਾਲਤ 'ਚ ਸੜਕ ਸੁਰੱਖਿਆ ਫੋਰਸ ਵੱਲੋਂ ਸਿਵਲ ਹਸਪਤਾਲ ਸੰਗਰੂਰ ਵਿਚ ਦਾਖਲ ਕਰਵਾਇਆ ਗਿਆ। ਉਥੇ ਉਸਨੂੰ ਮੁਢਲਾ ਇਲਾਜ ਦੇਣ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮਰਨ ਵਾਲੇ ਰਾਮਾ ਮੰਡੀ ਦੇ ਨਿਵਾਸੀ ਪਟਿਆਲਾ ਦਵਾਈ ਲੈਣ ਜਾ ਰਹੇ ਸਨ, ਪਰ ਰਸਤੇ 'ਚ ਹੀ ਹਾਦਸੇ ਦਾ ਸ਼ਿਕਾਰ ਹੋ ਗਏ।