ਸੁਲਤਾਨਪੁਰ ਲੋਧੀ, ਫੱਤੂਢੀਂਗਾ : ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਨਾਲ ਸੰਬੰਧਿਤ ਪਿੰਡ ਸ਼ਿਵ ਦਿਆਲ ਵਾਲਾ ਦੇ ਨਾਲ ਸੰਬੰਧਿਤ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਕੈਂਸਰ ਹੋਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੀ ਅੱਜ ਲਾਸ਼ ਉਹਨਾਂ ਦੇ ਜੱਦੀ ਪਿੰਡ ਸ਼ਿਵ ਦਿਆਲ ਵਾਲਾ ਵਿਖੇ ਲਿਆਂਦੀ ਗਈ ਅਤੇ ਅੰਤਿਮ ਸੰਸਕਾਰ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਕਰਤਾਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਦੇ ਆਰਥਿਕ ਹਾਲਾਤ ਬਹੁਤ ਖਰਾਬ ਸਨ, ਜਿਸ ਕਾਰਨ ਉਹਨਾਂ ਨੇ ਰੋਜ਼ੀ ਰੋਟੀ ਵਾਸਤੇ ਆਪਣੇ ਬੇਟੇ ਵਿਨੋਦ ਸਿੰਘ ਨੂੰ ਕਰਜ਼ਾ ਚੁੱਕ ਕੇ ਅਤੇ ਆਪਣੀ ਚਾਰ ਕਨਾਲ ਜਮੀਨ ਵੇਚ ਕੇ 40 ਲੱਖ ਰੁਪਏ ਲਾ ਕੇ ਅਗਸਤ 2022 'ਚ ਡੌਂਕੀ ਰਾਹੀਂ ਆਪਣੇ ਭਵਿੱਖ ਨੂੰ ਸੁਧਾਰਨ ਲਈ ਅਤੇ ਚੰਗੀ ਰੋਜ਼ੀ ਰੋਟੀ ਦੀ ਭਾਲ ਵਾਸਤੇ ਅਮਰੀਕਾ ਭੇਜਿਆ ਸੀ ।ਪਰ ਕੈਂਸਰ ਨਾਮ ਦੀ ਨਾ ਮੁਰਾਦ ਬਿਮਾਰੀ ਨੇ ਉਸ ਨੂੰ ਅਮਰੀਕਾ ਪਹੁੰਚਦਿਆਂ ਹੀ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਜਿਸ ਕਾਰਨ ਉਹ ਉੱਥੇ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨਾਂ ਨੇ ਅੱਖਾਂ ਵਿੱਚ ਕਈ ਸਪਨੇ ਸਜਾ ਕੇ ਆਪਣੇ ਪੁੱਤਰ ਵਿਨੋਦ ਸਿੰਘ ਨੂੰ ਵਿਦੇਸ਼ ਭੇਜਿਆ ਸੀ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਉੱਤੇ ਏਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਵੇਗਾ। ਵਿਨੋਦ ਦੇ ਪਿਤਾ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਵਿਨੋਦ ਸੱਤ ਮਹੀਨੇ ਬਾਅਦ ਅਮਰੀਕਾ ਪਹੁੰਚਿਆ ਸੀ , ਕਿਉਂਕਿ ਸੱਤ ਮਹੀਨੇ ਉਹ ਡੌਂਕੀ ਰਾਹੀਂ ਜੰਗਲਾਂ ਦੇ ਵਿੱਚੋਂ ਨਿਕਲਿਆ ਸੀ ਅਤੇ ਲੰਬਾ ਸਫਰ ਤੈਅ ਕਰਨ ਤੋਂ ਬਾਅਦ ਉਹ ਅਮਰੀਕਾ ਪਹੁੰਚਿਆ ਸੀ ਅਤੇ ਅਮਰੀਕਾ ਪਹੁੰਚਦੇ ਹੀ ਇੱਕ ਮਹੀਨੇ ਬਾਅਦ ਉਸ ਨੂੰ ਕੈਂਸਰ ਵਰਗੀ ਬਿਮਾਰੀ ਹੋ ਜਾਂਦੀ ਹੈ। ਜਿਸ ਦੇ ਬਾਰੇ ਉਹਨਾਂ ਨੂੰ ਵਿਨੋਦ ਦੇ ਨਾਲ ਰਹਿੰਦੇ ਦੋਸਤਾਂ ਤੋਂ ਪਤਾ ਚੱਲਦਾ ਹੈ। ਲੰਮਾ ਸਮਾਂ ਵਿਨੋਦ ਦਾ ਇਲਾਜ ਉਸਦੇ ਦੋਸਤਾਂ ਦੇ ਵੱਲੋਂ ਇੱਕ ਦੂਸਰੇ ਦੀ ਮਦਦ ਦੇ ਨਾਲ ਕਰਵਾਇਆ ਜਾ ਰਿਹਾ ਸੀ, ਪਰ ਅਖੀਰ ਇਸ ਬਿਮਾਰੀ ਦੇ ਨਾਲ ਲੜਦੇ ਲੜਦੇ ਵਿਨੋਦ ਦੀ ਮੌਤ ਹੋ ਗਈ ਹੈ। ਰੋਂਦੀ ਹੋਈ ਵਿਨੋਦ ਦੀ ਮਾਂ ਸੰਤੋਸ਼ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤਰ ਨੂੰ ਉਡੀਕ ਰਹੀਆਂ ਹਨ। ਅਤੇ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਵਿਨੋਦ ਨੂੰ ਪੁਕਾਰਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੋਸਤਾਂ ਵੱਲੋਂ ਪੈਸੇ ਇਕੱਠੇ ਕਰਕੇ ਮ੍ਰਿਤਕ ਵਿਨੋਦ ਸਿੰਘ ਦੀ ਲਾਸ਼ ਨੂੰ ਭਾਰਤ ਭੇਜਿਆ ਗਿਆ ਹੈ । ਜਿਸ ਲਈ ਉਹਨਾਂ ਨੇ ਉਸ ਦੋਸਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਬਹੁਤ ਵੱਡੇ ਕਰਜ਼ੇ ਹੇਠ ਆ ਚੁੱਕੇ ਹਨ ਅਤੇ ਇਹ ਕਰਜ਼ਾ ਉਤਾਰਨ ਦੇ ਵਿੱਚ ਅਸਮਰਥ ਹਨ। ਉਹਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮੰਗ ਕੀਤੀ ਕੀ ਸਾਡੀ ਆਰਥਿਕ ਮਦਦ ਕੀਤੀ ਜਾਵੇ ।