ਫੁੱਲਾਂ ਵਾਲੇ ਬੂਟੇ
ਅੱਜ ਸਕੂਲ ਵਿੱਚ ਵਣ-ਮਹਾਂਉਤਸਵ ਮਨਾਇਆ ਗਿਆ, ਵਿਦਿਆਰਥੀਆਂ ਦੁਆਰਾ ਬਹੁਤ ਸਾਰੇ ਪੌਦੇ ਲਗਾਏ ਗਏ, ਉਪਰੰਤ ਵਿਦਿਆਰਥੀਆਂ ਨੂੰ ਉਚੇਚੇ ਤੌਰ ਤੇ ਬੁਲਾਏ ਗਏ ਉੱਚ ਅਧਿਕਾਰੀ ਨੇ ਸੰਬੋਧਨ ਕਰਦਿਆਂ ਬਨਸਪਤੀ ਦੀ ਸਾਡੇ ਜੀਵਨ ਵਿੱਚ ਮਹੱਤਤਾ ਵਾਰੇ ਦੱਸਿਆ, ਉੱਚ ਅਧਿਕਾਰੀ ਵੱਲੋਂ ਪੌਦਾ ਲਗਾ ਕੇ ਆਪਣੇ ਹੱਥੀਂ ਪਾਣੀ ਪਾਇਆ ਗਿਆ, ਪੱਤਰਕਾਰਾਂ ਵੱਲੋਂ ਫੋਟੋਆਂ ਖਿੱਚੀਆਂ ਗਈਆਂ,ਓਧਰ ਸਕੂਲ ਦੇ ਬਾਇਓਲਾਜੀਕਲ ਪਾਰਕ ਵਿੱਚ ਉੱਚ ਅਧਿਕਾਰੀ ਦੇ ਬਾਡੀਗਾਰਡ ਕੁਝ ਫੁੱਲਾਂ ਵਾਲੇ ਪੌਦੇ ਪੁੱਟ ਕੇ ਗੱਡੀ ਵਿੱਚ ਰੱਖ ਰਹੇ ਸਨ, ਇੱਕ ਅਧਿਆਪਕ ਦੁਆਰਾ ਪੁੱਛੇ ਜਾਣ ਤੇ ਇੱਕ ਬਾਡੀਗਾਰਡ ਬੋਲਿਆ,"ਦਰ ਅਸਲ ਵਿਚ ਵੱਡੇ ਸਾਹਿਬ ਨੂੰ ਫੁੱਲਾਂ ਵਾਲੇ ਬੂਟੇ ਬਹੁਤ ਪਸੰਦ ਆਏ ਹਨ,ਅਤੇ ਇਹ ਉਹਨਾਂ ਨੇ ਆਪਣੀ ਕੋਠੀ ਵਿੱਚ ਲਗਾਉਣੇ ਹਨ, ਇਨਾਂ ਕਹਿੰਦੇ ਹੋਏ ਓਹ ਬਾਡੀਗਾਰਡ ਵੀ ਗੱਡੀ ਵਿੱਚ ਸਵਾਰ ਹੋ ਗਿਆ, ਡੂੰਘੀ ਸੋਚ ਵਿਚ ਪਿਆ ਹੋਇਆ ਅਧਿਆਪਕ ਹੁਣ ਉੱਚ ਅਧਿਕਾਰੀ ਵੱਲੋਂ ਲਗਾਏ ਪੌਦੇ ਵੱਲ ਵੇਖ ਰਿਹਾ ਸੀ ਤੇ ਕਦੇ ਬਾਡੀਗਾਰਡਾਂ ਦੁਆਰਾ ਪੁੱਟੇ ਪੌਦਿਆਂ ਦੇ ਟੋਇਆ ਵੱਲ, ਗੱਡੀ ਸਕੂਲ ਵਿੱਚੋਂ ਜਾ ਚੁੱਕੀ ਸੀ।
ਕੰਵਲਜੀਤ ਕੌਰ ਬੋਹਾ