ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕੱਤਲ
ਸਿੱਖ ਜਗਤ ਅੰਦਰ ਸੋਗ ਦੀ ਫੈਲੀ ਲਹਿਰ
ਨਵੀਂ ਦਿੱਲੀ 6 ਮਈ (ਮਨਪ੍ਰੀਤ ਸਿੰਘ ਖਾਲਸਾ):- ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਉਰਫ ਮਲਿਕ ਸਰਦਾਰਾ ਸਿੰਘ ਦਾ ਸ਼ਨੀਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪਾਕਿਸਤਾਨ ਵਿੱਚ ਲਾਹੌਰ ਦੇ ਜੌਹਰ ਟਾਊਨ 'ਚ 2 ਅਣਪਛਾਤੇ ਬੰਦੂਕਧਾਰੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜੋਹਰ ਕਸਬੇ ਵਿੱਚ ਸਨਫਲਾਵਰ ਸੁਸਾਇਟੀ ਵਿਖੇ ਇਹ ਘਟਨਾ ਸਵੇਰੇ ਕਰੀਬ 6 ਵਜੇ ਭਾਈ ਪੰਜਵੜ ਦੇ ਘਰ ਨੇੜੇ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਭਾਈ ਪੰਜਵੜ 'ਤੇ ਉਸ ਸਮੇਂ ਗੋਲੀਆਂ ਚਲਾਈਆਂ, ਜਦੋਂ ਉਹ ਸਵੇਰੇ ਪਾਰਕ ਦੇ ਰਾਹ ਤੇ ਤੁਰਦੇ ਹੋਏ ਜਾ ਰਹੇ ਸਨ । ਕੇਸੀਐਫ ਮੁਖੀ ਨਾਲ ਤੁਰਦਾ ਹੋਇਆ ਉਨ੍ਹਾਂ ਦਾ ਸੁਰੱਖਿਆ ਕਰਮੀ ਵੀਂ ਇਸ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜਿਕਰਯੋਗ ਹੈ ਕਿ ਸ਼ਹੀਦ ਭਾਈ ਕਵਲਜੀਤ ਸਿੰਘ ਸੁਲਤਾਨਵਿੰਡ ਦੀ ਸ਼ਹਾਦਤ ਮਗਰੋਂ ਭਾਈ ਪੰਜਵੜ ਕੇਸੀਐਫ ਦੇ ਮੁੱਖੀ ਬਣੇ ਸਨ, ਹਿੰਦ ਸਰਕਾਰ ਵਲੋਂ ਉਨ੍ਹਾਂ ਦੇ ਸਿਰ ਤੇ ਲੱਖਾ ਰੁਪਏ ਦਾ ਇਨਾਮ ਰਖਿਆ ਹੋਇਆ ਸੀ । ਭਾਈ ਪੰਜਵੜ ਦੇ ਰੂਪੋਸ਼ ਹੋਣ ਮਗਰੋਂ ਉਨ੍ਹਾਂ ਦੇ ਪਰਿਵਾਰ ਤੇ ਪੁਲਿਸ ਨੇ ਬਹੁਤ ਤਸ਼ੱਦਦ ਢਾਹੀਆ ਸੀ ਤੇ ਉਨ੍ਹਾਂ ਦੀ ਧਰਮਪਤਨੀ ਨੇ ਤਿਹਾੜ ਜੇਲ੍ਹ ਅੰਦਰ ਵੀਂ ਲੰਮਾ ਸਮਾਂ ਗੁਜਾਰਿਆ ਸੀ ਅਤੇ ਬੀਤੇ ਸਾਲ ਓਹ ਸੰਸਾਰ ਵਿਛੋੜਾ ਦੇ ਗਏ ਸਨ । ਧਿਆਨ ਦੇਣ ਯੋਗ ਹੈ ਕਿ ਕੇਐਲਐਫ ਮੁੱਖੀ ਭਾਈ ਹਰਪ੍ਰੀਤ ਸਿੰਘ ਪੀਐਚਡੀ ਨੂੰ ਵੀਂ ਇਸੇ ਤਰ੍ਹਾਂ ਮੋਟਰ ਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕੱਤਲ ਕੀਤਾ ਸੀ ਤੇ ਹੁਣ ਠੀਕ ਓਸੇ ਤਰ੍ਹਾਂ ਭਾਈ ਪੰਜਵੜ ਨਾਲ ਕੀਤਾ ਗਿਆ ਹੈ । ਇਸ ਕੱਤਲ ਦੀ ਖ਼ਬਰ ਦਾ ਪਤਾ ਲਗਦੇ ਹੀ ਸਿੱਖ ਜਗਤ ਅੰਦਰ ਸੋਗ ਦੀ ਲਹਿਰ ਫੈਲੀ ਹੋਈ ਹੈ ਤੇ ਇਸ ਮਾਮਲੇ ਦੀ ਤਹਿਕੀਕਾਤ ਦੀ ਮੰਗ ਕੀਤੀ ਜਾ ਰਹੀ ਹੈ ।