ਸਰਕਾਰ ਵੱਲੋਂ ਨਿਰਮਲਜੀਤ ਸਿੰਘ ਦੇ ਕੌਮੀ ਐਕਸਨ ਨੂੰ ਨਿੰਦਣਾ ਗਲਤ, ਸਿੱਖ ਆਪਣੀ ਸਵੈ-ਰੱਖਿਆ ਲਈ ਤਲਵਾਰ ਤੇ ਬੰਦੂਕ ਦੀ ਕਰ ਸਕਦੈ ਵਰਤੋਂ : ਮਾਨ
ਸਿੱਖ ਇੰਡੀਆ ਵਿਚ ਬਰਾਬਰਤਾ ਦੇ ਆਧਾਰ ਤੇ ਮਾਣ-ਸਤਿਕਾਰ ਅਤੇ ਇਨਸਾਫ਼ ਪ੍ਰਾਪਤ ਨਹੀਂ ਕਰ ਸਕੇ
ਨਵੀਂ ਦਿੱਲੀ, 16 ਮਈ (ਮਨਪ੍ਰੀਤ ਸਿੰਘ ਖਾਲਸਾ):- “ਇਹ ਠੀਕ ਹੈ ਕਿ ਕਿਸੇ ਦੀ ਜਾਨ ਲੈ ਲੈਣੀ ਉਸ ਰੱਬੀ ਤੇ ਇਨਸਾਨੀਅਤ ਤੌਰ ਤੇ ਗਲਤ ਹੈ । ਲੇਕਿਨ ਸਿੱਖ ਆਪਣੀ ਸਵੈ ਰੱਖਿਆ ਲਈ ਲੋੜ ਪੈਣ ਤੇ ਤਲਵਾਰ ਅਤੇ ਬੰਦੂਕ ਦੀ ਵਰਤੋ ਕਰ ਸਕਦਾ ਹੈ । ਜਿਸਦੀ ਇਥੋ ਦਾ ਕਾਨੂੰਨ ਇਜਾਜਤ ਦਿੰਦਾ ਹੈ । ਜੋ ਸ. ਨਿਰਮਲਜੀਤ ਸਿੰਘ ਨੂੰ ਆਪਣੀਆ ਅਤੇ ਕੌਮ ਦੀਆਂ ਭਾਵਨਾਵਾ ਨੂੰ ਡੂੰਘੀ ਠੇਸ ਪਹੁੰਚਣ ਦੀ ਬਦੌਲਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਟਿਆਲਾ ਵਿਖੇ ਸਰੋਵਰ ਦੇ ਕੰਡੇ ਬੈਠਕੇ ਸ਼ਰਾਬ ਦਾ ਸੇਵਨ ਕਰਨ ਵਾਲੀ ਬੀਬੀ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ ਹੈ, ਇਸਨੂੰ ਸਿੱਖੀ ਰਵਾਇਤਾ ਅਤੇ ਸੋਚ ਅਨੁਸਾਰ ਕੋਈ ਗਲਤ ਸਾਬਤ ਨਹੀ ਕਰ ਸਕਦਾ । ਸ. ਨਿਰਮਲਜੀਤ ਸਿੰਘ ਨਿਰਦੋਸ਼ ਹੈ, ਉਸ ਉਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀ ਹੋਣੀ ਚਾਹੀਦੀ । ਕਿਉਂਕਿ ਇਥੋ ਦਾ ਕਾਨੂੰਨ ਅੱਜ ਤੱਕ ਨਾ ਤਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋ ਰਹੇ ਅਪਮਾਨ ਅਤੇ ਹੋਰ ਸਿੱਖੀ ਰਵਾਇਤਾ ਤੇ ਮਰਿਯਾਦਾਵਾ ਨੂੰ ਠੇਸ ਪਹੁੰਚਾਉਣ ਦੇ ਦੁਖਾਤਿਕ ਅਮਲਾਂ ਨੂੰ ਰੋਕਣ ਵਿਚ ਅਸਫਲ ਸਾਬਤ ਹੋਇਆ ਹੈ । ਦੂਸਰਾ ਜੋ ਸਰਕਾਰ ਵੱਲੋ ਨਿਰਮਲਜੀਤ ਸਿੰਘ ਦੇ ਕੌਮੀ ਐਕਸਨ ਨੂੰ ਨਿੰਦਿਆ ਜਾ ਰਿਹਾ ਹੈ ਜਾਂ ਵਿਰੋਧ ਕੀਤਾ ਜਾ ਰਿਹਾ ਹੈ, ਇਹ ਬਿਲਕੁਲ ਗਲਤ ਹੈ । ਕਿਉਂਕਿ ਸਿੱਖ ਕਿਸੇ ਉਤੇ ਬਿਨ੍ਹਾਂ ਵਜਹ ਵਾਰ ਨਹੀ ਕਰਦਾ ਅਤੇ ਨਾ ਹੀ ਕਿਸੇ ਦੀ ਜਾਨ ਲੈਦਾ ਹੈ । ਅਜਿਹਾ ਉਦੋ ਹੀ ਹੁੰਦਾ ਹੈ ਜਦੋ ਉਹ ਆਪਣੀ ਸਵੈ ਰੱਖਿਆ ਲਈ ਕੋਈ ਐਕਸਨ ਕਰਦਾ ਹੈ ਜਾਂ ਆਪਣੀਆ ਭਾਵਨਾਵਾ ਨੂੰ ਠੇਸ ਪਹੁੰਚਣ ਤੇ ਦੋਸ਼ੀ ਨੂੰ ਸਿੱਖੀ ਰਵਾਇਤਾ ਅਨੁਸਾਰ ਸਿੰਝਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਟਿਆਲਾ ਦੇ ਗੁਰੂਘਰ ਸ੍ਰੀ ਦੁੱਖ ਨਿਵਾਰਣ ਸਾਹਿਬ ਵਿਖੇ ਬੀਤੇ ਦਿਨੀਂ ਸਮੁੱਚੇ ਸੰਸਾਰ ਦੇ ਸਿੱਖਾਂ ਦੇ ਮਨਾਂ ਤੇ ਆਤਮਾਵਾ ਨੂੰ ਇਕ ਬੀਬੀ ਵੱਲੋ ਗੁਰੂਘਰ ਵਿਚ ਸ਼ਰਾਬ ਪੀ ਕੇ ਠੇਸ ਪਹੁੰਚਾਉਣ ਉਪਰੰਤ ਇਕ ਗੁਰਸਿੱਖ ਵੱਲੋ ਆਪਣੇ ਹੀ ਲਾਈਸੈਸੀ ਰਿਵਾਲਵਰ ਨਾਲ ਉਸ ਬੁਰਾਈ ਦਾ ਅੰਤ ਕਰਨ ਦੀ ਘਟਨਾ ਉਤੇ ਆਪਣੇ ਖਿਆਲਾਤਾਂ ਨੂੰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਹੁਕਮਰਾਨਾਂ ਨੂੰ ਖੁਸ਼ ਕਰਨ ਲਈ ਜਾਂ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਸ. ਨਿਰਮਲਜੀਤ ਸਿੰਘ ਦੇ ਦਲੇਰੀ ਭਰੇ ਕੌਮ ਪੱਖੀ ਐਕਸਨ ਦੀ ਵਿਰੋਧਤਾ ਕਰ ਰਹੇ ਹਨ, ਉਨ੍ਹਾਂ ਵਿਚ ਕੋਈ ਵੀ ਕੌਮੀ, ਅਣਖ, ਗੈਰਤ ਨਜਰ ਨਹੀ ਆਉਦੀ ਅਤੇ ਨਾ ਹੀ ਉਨ੍ਹਾਂ ਵਿਚ ਕੋਈ ਕੌਮੀਅਤ ਹੈ । ਉਨ੍ਹਾਂ ਇਸ ਗੱਲ ਤੇ ਵੀ ਦੁੱਖ ਪ੍ਰਗਟ ਕੀਤਾ ਕਿ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਕੋ ਇਕ ਪਾਰਟੀ ਸਿੱਖ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਣ, ਕੌਮੀ ਹੱਕਾਂ ਅਤੇ ਅਧਿਕਾਰਾਂ ਲਈ ਨਿਰੰਤਰ ਜੂਝਦੀ ਆ ਰਹੀ ਹੈ, ਉਸ ਪਾਰਟੀ ਨੂੰ ਜਲੰਧਰ ਨਿਵਾਸੀਆ ਨੇ ਬਣਦਾ ਮਾਣ ਨਹੀ ਬਖਸਿਆ । ਇਹ ਵੀ ਕੌਮੀ ਸੋਚ ਤੋ ਪਿੱਠ ਮੋੜਨ ਵਾਲੀ ਦੁੱਖਦਾਇਕ ਕਾਰਵਾਈ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ 1947 ਤੋਂ ਲੈਕੇ ਅੱਜ ਤੱਕ ਇਥੋ ਦੇ ਹੁਕਮਰਾਨ, ਸਿੱਖ ਧਰਮ, ਸਿੱਖ ਕੌਮ ਦੀ ਇੱਜਤ, ਜਾਨ-ਮਾਲ ਅਤੇ ਆਨ-ਸਾਨ ਦੀ ਰੱਖਿਆ ਨਹੀ ਕਰ ਸਕੇ ਅਤੇ ਨਾ ਹੀ ਸਿੱਖਾਂ ਨੂੰ ਇੰਡੀਆ ਵਿਚ ਬਰਾਬਰਤਾ ਦੇ ਆਧਾਰ ਤੇ ਮਾਣ-ਸਤਿਕਾਰ ਅਤੇ ਇਨਸਾਫ਼ ਪ੍ਰਾਪਤ ਕਰ ਸਕੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਹਿੰਦੂਤਵ ਹੁਕਮਰਾਨ ਸੌੜੀ ਅਤੇ ਈਰਖਾਵਾਦੀ ਸੋਚ ਵਿਚੋ ਨਿਕਲਕੇ, ਸਮਾਜ ਵਿਚ ਸਥਾਈ ਤੌਰ ਤੇ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਕਰਨ ਦੇ ਮਕਸਦ ਅਧੀਨ ਫੋਰੀ ਸਿੱਖਾਂ ਲਈ ਇਕ ਬਫਰ ਸਟੇਟ ਕਾਇਮ ਕਰਨ ਦਾ ਹੌਸਲਾ ਕਰਨ । ਜਿਸ ਨਾਲ ਜਿਥੇ ਸਿੱਖ ਕੌਮ ਅਣਖ ਗੈਰਤ ਅਤੇ ਬਿਨ੍ਹਾਂ ਕਿਸੇ ਹੀਣ ਭਾਵਨਾ, ਡਰ ਭੈ ਤੋ ਆਪਣੀ ਬਫਰ ਸਟੇਟ ਵਿਚ ਜੀ ਤੇ ਵੱਧ ਸਕੇਗੀ, ਉਥੇ ਇੰਡੀਆ ਜਿਸਨੂੰ ਦੁਸ਼ਮਣ ਮੁਲਕਾਂ ਚੀਨ ਅਤੇ ਪਾਕਿਸਤਾਨ ਤੋ ਖ਼ਤਰਾ ਬਣਿਆ ਰਹਿੰਦਾ ਹੈ, ਇਸ ਤ੍ਰਿਕੋਣ ਵਿਚ ਸਿੱਖਾਂ ਦੀ ਬਫਰ ਸਟੇਟ ਹੋਂਦ ਵਿਚ ਆਉਣ ਨਾਲ ਇਹ ਖਤਰਾ ਵੀ ਸਦਾ ਲਈ ਖਤਮ ਹੋ ਜਾਵੇਗਾ ਅਤੇ ਸਭ ਏਸੀਆ ਮੁਲਕਾਂ ਦੇ ਨਿਵਾਸੀ ਆਜਾਦੀ ਨਾਲ ਜੀ ਸਕਣਗੇ ।