ਗੁਰੂਘਰ ਦੀਆਂ ਲਗਾਤਾਰ ਵੱਧ ਰਹੀਆਂ ਬੇਅਦਬੀਆਂ, ਪੰਥ ਨੂੰ ਵੰਗਾਰ ਹਨ : ਜੱਥੇਦਾਰ ਬਖਸ਼ੀਸ਼ ਸਿੰਘ
ਗੁਰੂ ਘਰ ਦੇ ਪਹਿਰੇਦਾਰ ਨਵੀਨਤਮ ਹਥਿਆਰਾਂ ਸਮੇਤ ਦਰਬਾਰ ਹਾਲ ਵਿਚ ਹੋਣੇ ਜਰੂਰੀ
ਨਵੀਂ ਦਿੱਲੀ 19 ਮਈ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਕਈ ਦਿਨਾਂ ਤੋਂ ਸਿੱਖ ਪੰਥ ਨੂੰ ਵੰਗਾਰ ਪਾਉਂਦਿਆਂ ਦੋਸ਼ੀਆਂ ਵਲੋਂ ਸਿੱਖ ਹਿਰਦਿਆਂ ਨੂੰ ਗਹਿਰੀ ਢਾਹ ਲਗਾਂਦੇ ਹੋਏ ਲਗਾਤਾਰ ਗੁਰੂਘਰ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਹਨ ਜਿਸ ਨੂੰ ਰੋਕਣ ਵਿਚ ਮੌਜੂਦਾ ਸਰਕਾਰ ਅਸਫਲ ਰਹੀ ਹੈ । ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਬਖਸ਼ੀਸ਼ ਸਿੰਘ ਫਗਵਾੜਾ ਨੇ ਬੀਤੀ ਦਿਨੀਂ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦਵਾਰਾ ਸਾਹਿਬ ਵਿਖੇ ਤਾਬਿਆਂ ਸਾਹਿਬ ਤੇ ਬੈਠੇ ਗ੍ਰੰਥੀ ਸਿੰਘ ਅਤੇ ਕੀਰਤਨ ਕਰ ਰਹੇ ਰਾਗੀ ਸਿੰਘ ਉਪਰ ਹਮਲਾ ਕਰਣ ਦੀ ਸਖ਼ਤ ਅੱਖਰਾਂ ਵਿਚ ਨਿਖੇਧੀ ਕੀਤੀ ਹੈ । ਉਨ੍ਹਾਂ ਕਿਹਾ ਕਿ ਬਾਰ ਬਾਰ ਕੀਤੇ ਜਾ ਰਹੇ ਇਹ ਹਮਲੇ ਸਿੱਖ ਜਮੀਰਾਂ ਨੂੰ ਵੰਗਾਰ ਪਾ ਰਹੇ ਹਨ ਤੇ ਸ਼ਾਂਤਮਈ ਮਾਹੌਲ ਨੂੰ ਮੁੜ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਮੂਹ ਗੁਰੂਘਰ ਦੇ ਮੈਂਬਰਾਂ ਨੂੰ ਸਲਾਹ ਦੇਂਦਿਆਂ ਕਿਹਾ ਕਿ ਗੁਰੂ ਘਰ ਦੇ ਬਾਹਰ ਖੜੇ ਕੀਤੇ ਜਾਂਦੇ ਪਹਿਰੇਦਾਰਾਂ ਦੇ ਨਾਲ ਹੁਣ ਦਰਬਾਰ ਹਾਲ ਦੇ ਅੰਦਰ ਗੁਰੂ ਸਾਹਿਬ ਜੀ ਅਤੇ ਰਾਗੀ ਸਿੰਘਾਂ ਦੀ ਸੁਰੱਖਿਆ ਲਈ ਨਵੀਨਤਮ ਹਥਿਆਰਾਂ ਲਈ ਫੌਜ ਤੋਂ ਰਿਟਾਇਰ ਹੋਏ ਫੌਜੀਆਂ ਦੀ ਸੇਵਾ ਲਗਾਈ ਜਾਣੀ ਚਾਹੀਦੀ ਹੈ ਜਿਸ ਨਾਲ ਇਸ ਵੱਧ ਰਹੇ ਕਾਰਿਆ ਨੂੰ ਠੱਲ ਪਾਈ ਜਾ ਸਕੇ । ਉਨ੍ਹਾਂ ਨੇ ਸਮੂਹ ਰਾਜਨੀਤਿਕ ਧਾਰਮਿਕ ਅਤੇ ਸਰਕਾਰੀ ਲੀਡਰਾਂ ਨੂੰ ਚੇਤੇ ਕਰਵਾਇਆ ਕਿ ਤੁਸੀਂ ਆਪਣੀ ਸੁਰੱਖਿਆ ਲਈ ਵਾਧੂ ਗਿਣਤੀ ਅੰਦਰ ਬਾਡੀਗਾਰਡ ਰੱਖਦੇ ਹੋ ਫੇਰ ਚਵਰ ਤਖਤ ਦੇ ਮਾਲਿਕ ਲਈ ਕਿਉਂ ਨਹੀਂ ਸਖ਼ਤ ਸੁਰੱਖਿਆ ਲਗਾਈ ਜਾ ਰਹੀ ਹੈ.? ਅੰਤ ਵਿਚ ਉਨ੍ਹਾਂ ਇਸ ਅਤਿ ਗੰਭੀਰ ਮਸਲੇ ਲਈ ਇਕ ਜਲਦ ਤੋਂ ਜਲਦ ਸਮੂਹ ਪੰਥਕ ਜਥੇਬੰਦੀਆਂ ਦੀ ਇੱਕਤਰਤਾ ਕਰਣ ਬਾਰੇ ਕਿਹਾ ਜਿਸ ਵਿਚ ਇਸ ਮਸਲੇ ਤੇ ਵਿਚਾਰ ਕਰਕੇ ਗੁਰੂਘਰਾਂ ਦੇ ਪ੍ਰਬੰਧ ਅਤੇ ਸੁਰੱਖਿਆ ਲਈ ਲੋੜੀਂਦੇ ਉਪਰਾਲੇ ਬਾਰੇ ਚਰਚਾ ਕੀਤੀ ਜਾਏ ।