ਯੂ,ਕੇ ਦੀਆਂ ਜਥੇਬੰਦੀਆਂ ਵਲੋਂ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਹਰੀ ਸਿੰਘ ਨਲੂਆ ਦਾ ਖਿਤਾਬ
ਲੰਡਨ- ਸਿੱਖ ਸੰਘਰਸ਼ ਦੇ ਨਾਇਕ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਮੁਖੀ ਖਾਲਿਸਤਾਨ ਕਮਾਂਡੋ ਫੋਰਸ ਨੂੰ ਘੱਲੂਘਾਰਾ ਜੂਨ ਚੌਰਾਸੀ ਦੀ ਯਾਦ ਵਿੱਚ ਵਿਸ਼ਾਲ ਇਕੱਠ ਪੁਰਾਤਨ ਜਰਨੈਲ ਹਰੀ ਸਿੰਘ ਨਲੂਆ ਦਾ ਖਿਤਾਬ ਦਿੱਤਾ ਗਿਆ। ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਲੰਡਨ ਟਰਫਾਲਗਰ ਸਕੁਏਅਰ ਵਿੱਚ ਜੁੜੇ ਹਜਾਰਾਂ ਦੇ ਇਕੱਠ ਵਿੱਚ ਇਹ ਐਲਾਨ ਕੀਤਾ ਗਿਆ। ਜਿਕਰਯੋਗ ਹੈ ਕਿ ਯੂਰਪ ਦੀਆਂ ਸਿੱਖ ਜਥੇਬੰਦੀਆ ਵਲੋਂ ਵੀ ਪਿਛਲੇ ਦਿਨੀ ਉਕਤ ਖਿਤਾਬ ਦਿੱਤਾ ਗਿਆ ਸੀ। ਇਸ ਮੌਕੇ ਭਾਈ ਪਰਮਜੀਤ ਸਿੰਘ ਪੰਜਵੜ ਵਲੋੰ ਸਿੱਖ ਸੰਘਰਸ਼ ਦੌਰਾਨ ਕੀਤੀ ਕੁਰਬਾਨੀ ਅਤੇ ਕਾਰਵਾਈਆਂ ਜੀ ਸ਼ਲਾਘਾ ਕੀਤੀ ਗਈ। ਜਦੋਂ ਉਕਤ ਐਲਾਨ ਕੀਤਾ ਗਿਆ ਤਾਂ ਸਟੇਜ ਤੇ ਰੋਸ ਮਾਰਚ ਦੀ ਅਗਵਾਈ ਕਰਨ ਵਾਲੇ ਪੰਜ ਸਿੰਘਾਂ ਸਮੇਤ ਖਾਲਿਸਤਾਨ ਜਲਾਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਭਾਈ ਗੁਰਮੇਜ ਸਿੰਘ ਗਿੱਲ, ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਉਲ ,ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਭਾਈ ਬਲਵਿੰਦਰ ਸਿੰਘ ਵੁਲਵਰਹੈਂਪਟਨ, ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ,ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਆਗੂ ਭਾਈ ਜਗਵਿੰਦਰ ਸਿੰਘ ਮੌਜੂਦ ਸਨ । ਸਿੱਖ ਸੰਗਤਾਂ ਵਲੋਂ ਜੈਕਾਰਿਆਂ ਦੀ ਗੂੰਜ ਵਿੱਚ ਇਸ ਦੀ ਪ੍ਰਵਾਨਗੀ ਦਿੱਤੀ ਗਈ। ਗੌਰਤਲਬ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਚੌਥੇ ਮੁਖੀ ਸਨ ।ਸਿੱਖ ਕੌਮ ਦੇ ਅਲਬੇਲੇ ਜਰਨੈਲ ਅਮਰ ਸ਼ਹੀਦ ਜਨਰਲ ਲਾਭ ਸਿੰਘ ਦੇ ਚਚੇਰੇ ਭਰਾ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਪੰਜਾਬ ਪੁਲਿਸ ਵਲੋਂ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿ ਉਸਨੇ ਸਿੱਖ ਜੁਝਾਰੂ ਭਾਈ ਪੰਜਾਬ ਨੂੰ ਜਨਮ ਦਿਤਾ ਸੀ ਜਦਕਿ ਉਸਦਾ ਭਰਾ ਹੋਣ ਕਰਕੇ ਭਾਈ ਰਾਜਵਿੰਦਰ ਸਿੰਘ ਨੂੰ ਪੁਲਿਸ ਵਲੋਂ ਅਗਵਾ ਕਰਕੇ ਲਾਪਤਾ ਕਰ ਦਿੱਤਾਗਿਆ ਸੀ । ਭਾਈ ਪਰਮਜੀਤ ਸਿੰਘ ਪੰਜਵੜ ਦੇ ਰੂਪੋਸ਼ ਜੀਵਨ ਦੌਰਾਨ ਰਿਸ਼ਤੇਦਾਰਾਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ।