ਮੋਟਰਵੇਅ ਟੈਨਸ਼ਨ: ਕਾਰ ’ਤੇ ਮੈਡੀਟੇਸ਼ਨ
ਔਕਲੈਂਡ ਨੇੜੇ 100 ਦੀ ਸਪੀਡ ਵਾਲੇ ਮੋਟਰਵੇਅ ਵਿਚਕਾਰ ਕਾਰ ਰੋਕ ਕੇ ਛੱਤ ’ਤੇ ਲਾਈ ਸਮਾਧੀ
-ਕਹਿੰਦਾ ਮੈਨੂੰ ਪਤਾ ਇਸ ਕਾਰੇ ਦਾ ਕੀ ਹਰਜ਼ਾਨਾ ਭਰਨਾ ਪੈਣਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 08 ਜੂਨ, 2023:- ਅੱਜ ਔਕਲੈਂਡ ਸ਼ਹਿਰ ਤੋਂ ਥੋੜ੍ਹੇ ਕਿਲੋਮੀਟਰ ਦੂਰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਵਾਲੇ ਮੋਟਰਵੇਅ ਉਤੇ ਇਕ ਨੌਜਵਾਨ ਨੇ ਆਪਣੀ ਕਾਰ ਵਿਚਕਾਰ ਹੀ ਰੋਕ ਲਈ ਅਤੇ ਉਸਦੀ ਛੱਤ ਉਤੇ ਜਾ ਕੇ ਬੈਠ ਸਮਾਧੀ ਲਾ ਲਈ। ਉਸਨੇ ਇਸ ਸਟੰਟ ਦਾ ਉਦੇਸ਼ ਇਹ ਦੱਸਿਆ ਕਿ ਸੜਕਾਂ ਉਤੇ ਬਹੁਤ ਸਾਰੇ ਲੋਕ ਦੁਰਘਟਨਾਵਾਂ ਵਿਚ ਆਪਣੀਆਂ ਜਾਨਾਂ ਗਵਾ ਰਹੇ ਹਨ। ਇਸ ਨੌਜਵਾਨ ਦੇ ਕੁਝ ਦੋਸਤ ਦੁਰਘਟਨਾ ਵਿਚ ਮਾਰੇ ਗਏ ਸਨ ਅਤੇ ਉਸਦਾ ਕਹਿਣਾ ਸੀ ਕਿ ਨਿਊਜ਼ੀਲੈਂਡ ਟਰਾਂਸਪੋਰਟ ਅਥਾਰਟੀ ਮਿਲੀਅਨ ਅਤੇ ਹੁਣ ਬਿਲੀਅਨ ਡਾਲਰ ਸੜਕ ਸੁਰੱਖਿਆ ਉਤੇ ਖਰਚਦੀ ਹੈ ਤਾਂ ਕਿ ਮੌਤ ਦੇ ਅੰਕੜੇ ਜ਼ੀਰੋ ਰਹਿਣ। ਪਰ ਅਜਿਹਾ ਨਹੀਂ ਹੋ ਰਿਹਾ ਅਤੇ ਉਸਦਾ ਵਿਰੋਧ ਕਰਨ ਦਾ ਇਹ ਆਪਣਾ ਤਰੀਕਾ ਹੈ।
ਪੁਲਿਸ ਦੇ ਆਉਣ ਉਤੇ ਇਹ ਸਖਸ਼ ਨਿਕਲ ਗਿਆ। ਪੁਲਿਸ ਨੇ ਹੁਣ ਇਸ ਵਿਅਕਤੀ ਉਤੇ ਗੰਭੀਰ ਆਵਾਜ਼ਾਈ ਨਿਯਮਾਂ ਦੇ ਦੋਸ਼ ਲਗਾਉਣ ਦੀ ਕਾਰਵਾਈ ਆਰੰਭ ਕਰ ਲਈ ਹੈ। ਇਸ ਵਿਅਕਤੀ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਇਸ ਹਰਕਤ ਦੇ ਕੀ ਨਤੀਜੇ ਨਿਕਲਣਗੇ ਅਤੇ ਉਹ ਉਸਦੀ ਜ਼ਿੰਮੇਵਾਰੀ ਲੈਂਦਾ ਹੈ। ਇਸ ਵਿਅਕਤੀ ਨੇ ਨਿਸ਼ਾਨ ਜੀ.ਟੀ-ਆਰ ਕਾਰ ਮੋਟਰਵੇਅ ਨੰਬਰ-1 ਉਤੇ ਵਿਚਕਾਰ ਵਾਲੀ ਲੇਨ ਦੇ ਵਿਚ ਖੜ੍ਹੀ ਕੀਤੀ ਸੀ। ਮੌਕੇ ਦੇ ਗਵਾਹ ਲੋਕਾਂ ਨੇ ਦੱਸਿਆ ਕਿ ਉਸਦੇ ਕਾਰਨ ਆਵਾਜ਼ਾਈ ਦੇ ਵਿਚ ਵੱਡੀ ਸਮੱਸਿਆ ਵੀ ਆਈ ਅਤੇ ਖਤਰਾ ਵੀ ਬਣਿਆ ਰਿਹਾ।