ਲੰਡਨ ਦੇ ਸਾਹਿਤ ਅਦੀਬਾਂ ਤੇ ਲੇਖਕਾਂ ਵੱਲੋਂ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਦਾ ਸਨਮਾਨ
ਨਾਵਲਕਾਰ ਗੁਰਚਰਨ ਸੱਗੂ ਦਾ ਉਪਰਾਲੇ ਨਾਲ ਕਵੀ ਦਰਬਾਰ ਵੀ ਹੋਇਆ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਵਸਦੇ ਲੇਖਕ ਭਾਈਚਾਰੇ ਵੱਲੋਂ ਆਏ ਦਿਨ ਕੋਈ ਨਾ ਕੋਈ ਸਮਾਗਮ ਅਕਸਰ ਹੀ ਰਚਾਇਆ ਜਾਂਦਾ ਹੈ। ਪਰ ਕੁਝ ਸਮਾਗਮਾਂ ਦਾ ਕਰਵਾਇਆ ਜਾਣਾ ਸੁਖਦ ਯਾਦ ਬਣ ਜਾਂਦਾ ਹੈ ਜਦੋਂ ਚਿਰਾਂ ਪਿੱਛੋਂ ਉਡੀਕਿਆ ਜਾਂਦਾ ਮਹਿਬੂਬ ਲੇਖਕ ਉਸ ਸਮਾਗਮ ਦਾ ਮੁੱਖ ਮਹਿਮਾਨ ਹੋਵੇ। ਅਜਿਹਾ ਹੀ ਵਿਲੱਖਣ ਤੇ ਵਿਸ਼ੇਸ਼ ਸਮਾਗਮ ਹੌਰਨਚਰਚ ਸਥਿਤ ਨਾਵਲਕਾਰ/ਕਵੀ ਗੁਰਚਰਨ ਸੱਗੂ ਤੇ ਰਾਣੀ ਸੱਗੂ ਦੇ ਵਿਹੜੇ ਵਿੱਚ ਕਰਵਾਇਆ ਗਿਆ ਜਿਸ ਵਿੱਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਨੂੰ ਲੰਡਨ ਦੀਆਂ ਕਵਿੱਤਰੀਆਂ, ਕਵੀਆਂ ਤੇ ਸੰਗੀਤਕਾਰਾਂ ਦੀ ਮਹਿਫ਼ਲ ਵਿੱਚ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਚੱਲਿਆ ਸਵਾਲਾਂ ਜਵਾਬਾਂ ਦਾ ਦੌਰ ਬਹੁਤ ਰੌਚਕ ਹੋ ਨਿੱਬੜਿਆ। ਗੁਰਦਿਆਲ ਰੌਸ਼ਨ ਜੀ ਨੇ ਗ਼ਜ਼ਲ ਦੀ ਖੂਬਸੂਰਤੀ ਬਾਰੇ ਪੁੱਛੇ ਗਏ ਅਨੇਕਾਂ ਸਵਾਲਾਂ ਦੀ ਬਹੁਤ ਹੀ ਸਾਦਾ ਪਰ ਪ੍ਰਭਾਵਿਤ ਤਰੀਕੇ ਨਾਲ ਵਿਆਖਿਆ ਕੀਤੀ। ਗੁਰਦਿਆਲ ਰੌਸ਼ਨ ਜੀ ਨੇ ਨਵੀਂ ਪੀੜ੍ਹੀ ਦੇ ਪੁੱਛੇ ਗਏ ਸਵਾਲਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ "ਤੁਸੀਂ ਗ਼ਜ਼ਲ ਦੇ ਮੀਟਰ ਤੋਂ ਬਿਲਕੁਲ ਨਾ ਘਬਰਾਓ, ਜੇ ਤੁਸੀਂ ਗੁਣਗਣਾ ਕੇ ਕੋਈ ਸ਼ੇਅਰ ਲਿਖੋ ਤਾਂ ਗ਼ਜ਼ਲ ਦੀ ਖੂਬਸੂਰਤੀ ਆਪਣੇ ਆਪ ਬਣ ਜਾਏਗੀ, ਹਾਂ ਗ਼ਜ਼ਲ ਦੀ ਵਿਧਾ ਦੀ ਥੋੜੀ ਬਹੁਤ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ।" ਗ਼ਜ਼ਲ ਦੀ ਮੁੱਢਲੀ ਜਾਣਕਾਰੀ ਬਾਰੇ ਸ਼ਾਇਦ ਹੀ ਪਹਿਲੇ ਕਿਸੇ ਨੇ ਇੰਨੀ ਅੱਛੀ ਤਰ੍ਹਾਂ ਵਿਆਖਿਆ ਤੇ ਜਾਣਕਾਰੀ ਦਿੱਤੀ ਹੋਵੇ। ਇਸ ਮੌਕੇ ਸਭ ਤੋਂ ਪਹਿਲਾਂ ਗੁਰਚਰਨ ਸੱਗੂ, ਰਾਣੀ ਸੱਗੂ, ਧੀਆਂ ਸੀਮਾ ਤੇ ਹਨੀ ਵੱਲੋਂ ਗੁਰਦਿਆਲ ਰੌਸ਼ਨ ਜੀ ਨੂੰ ਫੁੱਲਾਂ ਦਾ ਗੁਲਦਸਤਾ ਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਆਏ ਮਹਿਮਾਨਾਂ ਵਲੋਂ ਕਵਿਤਾ ਪਾਠ ਤੇ ਗੀਤ ਸੰਗੀਤ ਪੇਸ਼ ਕੀਤਾ ਗਿਆ ਜਿਸ ਵਿੱਚ ਸ਼ਾਇਰਾ ਕੁਲਵੰਤ ਢਿੱਲੋਂ, ਨਾਵਲਕਾਰ ਤੇ ਕਵੀ ਪ੍ਰਕਾਸ਼ ਸੋਹਲ, ਟੀਵੀ ਪੇਸ਼ਕਾਰਾ ਰੂਪ ਦਵਿੰਦਰ, ਸ਼ਾਇਰਾ ਮਨਜੀਤ ਪੱਡਾ, ਸ਼ਾਇਰ ਅਜ਼ੀਮ ਸ਼ੇਖਰ, ਨਾਵਲਕਾਰ ਤੇ ਸ਼ਾਇਰ ਦਰਸ਼ਨ ਬੁਲੰਦਵੀ, ਰੇਡੀਓ ਪੇਸ਼ਕਾਰਾ ਰਾਜਿੰਦਰ ਕੌਰ, ਕਵਿੱਤਰੀ ਨਰਿੰਦਰ, ਪਰਵੀਨ ਠੇਠੀ, ਗੀਤਕਾਰਾ ਗੁਰਮੇਲ ਕੌਰ ਸੰਘਾ, ਸ਼ਗੁਫਤਾ ਲੋਧੀ, ਸ਼ਹਿਜ਼ਾਦ ਲੋਧੀ, ਹੀਨਾ ਸਮਨ, ਹਮਜ਼ਾ ਗਿੱਮੀ ਲੋਧੀ, ਬਲਵਿੰਦਰ ਸਿੰਘ ਸਹੋਤਾ, ਰਾਏ ਬਰਿੰਦਰ ਅਦੀਮ, ਸਤਨਾਮ ਸਿੰਘ ਛੋਕਰ, ਦਵਿੰਦਰ ਕੌਰ ਛੋਕਰ ਤੇ ਹੋਣਹਾਰ ਗਾਇਕ ਤੇ ਸੰਗੀਤਕਾਰ ਡਾ. ਸੁਨੀਲ ਸਾਜਲ ਹਾਜ਼ਰ ਸਨ। ਕਵਿਤਾਵਾਂ ਦਾ ਦੌਰ ਬਹੁਤ ਹੀ ਖ਼ੂਬਸੂਰਤ ਸੀ ਜਿਸ ਵਿੱਚ ਮੌਜੂਦ ਕਵੀ/ ਕਵਿੱਤਰੀਆਂ ਵੱਲੋਂ ਨਵੇਂ ਪੰਜਾਬੀ ਗੀਤ ਤੇ ਪੁਰਾਣੀਆਂ ਬੋਲੀਆਂ ਨਾਲ ਇਹ ਮਹਿਫ਼ਲ ਯਾਦਗਾਰੀ ਬਣਾ ਦਿੱਤੀ। ਇੱਥੇ ਇਹ ਵੀ ਵਰਨਣ ਯੋਗ ਹੈ ਕਿ ਗੁਰਦਿਆਲ ਰੌਸ਼ਨ ਜੀ ਵੱਲੋਂ ਪਿਛਲੇ ਸਾਲ ਸਰੀ ਕੈਨੇਡਾ ਵਿਖੇ ਹੋਏ ਬਹੁਤ ਹੀ ਯਾਦਗਾਰੀ ਇਕੱਠ ਦੀ ਇੱਕ ਖ਼ੂਬਸੂਰਤ ਫੋਟੋ ਸੱਗੂ ਜੀ ਦੇ ਇੱਕ ਖ਼ੂਬਸੂਰਤ ਸ਼ੇਅਰ ਨਾਲ ਭੇਂਟ ਕੀਤੀ ਗਈ। ਇਸ ਮਿਲਣੀ ਦੇ ਅੰਤ ਵਿੱਚ ਸਾਰੇ ਆਏ ਮਹਿਮਾਨਾਂ ਨੇ ਗਿੱਧੇ, ਬੋਲੀਆਂ ਤੇ ਭੰਗੜੇ ਨੇ ਐਸੀ ਬੀਟ ਲਾਈ ਕਿ ਇਹ ਮਹਿਫ਼ਲ ਯਾਦਗਾਰੀ ਹੋ ਨਿੱਬੜੀ।