ਕਿਰਾਏ ਦੇ ਰਿਸ਼ਤਿਆਂ ਦਾ ਵੀ ਹੈ ਵਪਾਰ
ਜਾਪਾਨ ਦੇ ਵਿਚ ਸੈਲਾਨੀਆਂ ਨੂੰ ਆਕਿਰਸ਼ਿਤ ਕਰਦੇ ਹਨ ਕਿਰਾਏ ’ਤੇ ਮਿਲਦੇ ਰਿਸ਼ਤੇਦਾਰ
ਇਕੱਲਾਪਨ ਦੂਰ ਕਰਨ ਲਈ ਮਿਲਦੇ ਹਨ ਐਕਟਰਨੁਮਾ ਮਾਹਿਰ ਲੋਕ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 16 ਜੁਲਾਈ, 2023:-ਦੁਨੀਆ ਦਾ ਦੌੜ ਦੇ ਵਿਚ ਜਿੱਥੇ ਬਹੁਤਿਆਂ ਦਾ ਕਾਫਲਾ ਬਣ ਤੁਰਦਾ ਹੈ ਅਤੇ ਕਈਆਂ ਦਾ ਕਾਫਲਾ ਤਾਂ ਕੀ ਪਰਿਵਾਰ ਵੀ ਸੁੰਗੜ ਕੇ ਰਹਿ ਜਾਂਦਾ ਹੈ ਜਾਂ ਫਿਰ ਵਿਅਕਤੀ ਇਕੱਲਾ ਹੀ ਰਹਿ ਜਾਂਦਾ ਹੈ। ਅਜਿਹੇ ਦੇ ਵਿਚ ਜਾਪਾਨੀ ਹੋਰ ਅੱਗੇ ਹਨ ਉਥੇ ਕਈ ਦਹਾਕਿਆਂ ਤੋਂ ਉਥੇ ਕਿਰਾਏ ਦੇ ਉਤੇ ਪਰਿਵਾਰਕ ਮੈਂਬਰ ਮਿਲ ਸਕਦੇ ਹਨ। ਇਸਦੇ ਵਿਚ ਮਹਿਲਾ ਮਿੱਤਰ, ਪੁਰਸ਼ ਮਿੱਤਰ, ਮਾਤਾ-ਪਿਤਾ, ਭੈਣ-ਭਰਾ, ਦਾਦਾ-ਦਾਦੀ ਤੱਕ ਨੂੰ ਘੰਟਿਆਂ ਦੇ ਹਿਸਾਬ ਦੇ ਨਾਲ ਕਿਰਾਏ ਉਤੇ ਲਿਆ ਜਾ ਸਕਦਾ ਹੈ। ਇਹ ਇਕ ਰਿਸ਼ਤਿਆ ਦਾ ਉਦਯੋਗੀਕਰਣ ਹੈ। ਹਰ ਰਿਸ਼ਤੇ ਦੇ ਲਈ ਨਿਯਮ ਅਤੇ ਸ਼ਰਤਾਂ ਵੀ ਨਿਰਧਾਰਤ ਹੁੰਦੀਆਂ ਹਨ ਤਾਂ ਕਿ ਮਰਿਯਾਦਾ ਦਾ ਅਤੇ ਚੱਰਿਤਰ ਦਾ ਸਾਫ-ਸੁਥਰਾਪਨ ਰੱਖਿਆ ਜਾ ਸਕੇ। ਲੋਕ ਆਪਣਾ ਕੋਈ ਪਰਿਵਾਰਕ ਰਿਸ਼ਤਾ ਕਿਰਾਏ ਉਤੇ ਲੈ ਕੇ ਸਿਨਮਾ ਵੇਖਣ ਜਾ ਸਕਦੇ ਹਨ, ਕੋਈ ਸਮਾਗਮ ਜਾਂ ਪਰਫਾਰਮੈਂਸ ਵੇਖਣ ਜਾ ਸਕਦੇ ਹਨ। ਦੁਨੀਆ ਦੇ ਬਦਲਦੇ ਸਮੀਕਰਣਾਂ ਉਤੇ ਨਿਗ੍ਹਾ ਮਾਰੀ ਜਾਵੇ ਤਾਂ ਪਰਿਵਾਰਕ ਰਿਸ਼ਤਿਆਂ ਦੇ ਵਿਚ ਤਰੇੜਾਂ ਹੋਰ ਡੂੰਘੀਆਂ ਅਤੇ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ। ਤਿੜਕੇ ਰਿਸ਼ਤਿਆਂ ਦੇ ਅੰਕੜਿਆਂ ਉਤੇ ਨਿਗ੍ਹਾ ਮਾਰੀ ਜਾਵੇ ਤਾਂ ‘ਵਰਲਡ ਆਫ਼ ਸਟੈਟਿਸਟਿਕਸ’ ਨੇ ਤਲਾਕ ਲੈਣ ਵਾਲੇ ਦੇਸ਼ਾਂ ਬਾਰੇ ਨਵੇਂ ਅੰਕੜੇ ਜਾਰੀ ਕੀਤੇ ਹਨ। 2023 ਦੀ ਰੈਂਕਿੰਗ ਵਿੱਚ ਕਈ ਦੇਸ਼ਾਂ ਦੀ ਤਲਾਕ ਦਰ ਪਹਿਲਾਂ ਹੀ ਵਧ ਚੁੱਕੀ ਹੈ। ਅੰਕੜੇ ਦੱਸਦੇ ਹਨ ਕਿ ਪੁਰਤਗਾਲ ਵਿੱਚ ਸਭ ਤੋਂ ਵੱਧ ਤਲਾਕ ਹੋਏ ਹਨ। ਉੱਥੇ ਤਲਾਕ ਦੀ ਦਰ 94 ਫੀਸਦੀ ਹੈ। ਇਸ ਸੂਚੀ ’ਚ ਭਾਰਤ ਦੀ ਤਲਾਕ ਦਰ ਨੂੰ 1 ਫੀਸਦੀ ਦੱਸਿਆ ਗਿਆ ਹੈ। ਭਾਰਤ ਵਿੱਚ ਤਲਾਕ ਦੀ ਦਰ ਬਾਕੀ ਦੁਨੀਆਂ ਦੇ ਮੁਕਾਬਲੇ ਬਹੁਤ ਘੱਟ ਹੈ। ਪਰ ਤੁਸੀਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਤਲਾਕ ਦੇ ਅੰਕੜੇ ਵੀ ਦੇਸ਼ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਵਿੱਚ ਵਿਆਹ ਦੋ ਵਿਅਕਤੀਆਂ ਵਿੱਚ ਨਹੀਂ ਸਗੋਂ ਦੋ ਪਰਿਵਾਰਾਂ ਵਿੱਚ ਹੁੰਦਾ ਹੈ। ਤਲਾਕ ਹੋਣ ’ਤੇ ਵੀ ਪਤੀ-ਪਤਨੀ ਦੇ ਨਾਲ-ਨਾਲ ਦੋਵੇਂ ਪਰਿਵਾਰ ਵੱਖ ਹੋ ਜਾਂਦੇ ਹਨ। ਜੇਕਰ ਬੱਚੇ ਹਨ ਤਾਂ ਉਨ੍ਹਾਂ ਦੇ ਮਨ ’ਤੇ ਇਸ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਸਾਡੇ ਦੇਸ਼ ਵਿੱਚ ਪਿਆਰ, ਨਫ਼ਰਤ, ਵਿਆਹ ਅਤੇ ਦੂਜਾ ਵਿਆਹ ਵਰਗੀਆਂ ਸਮੱਸਿਆਵਾਂ ਸਮਾਜਿਕ ਪੱਧਰ ’ਤੇ ਹੱਲ ਹੁੰਦੀਆਂ ਹਨ।
ਜਾਣੋ ਕੁਝ ਨਵਾਂ ਵੀ
ਰਿਸ਼ਤਿਆਂ ਨੂੰ ਕਿਰਾਏ ਉਤੇ ਦੇਣ ਦੀ ਇਹ ਸੇਵਾ ਪਹਿਲੀ ਵਾਰ ਜਾਪਾਨ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪੇਸ਼ ਕੀਤੀ ਗਈ ਸੀ। ਇਹ ਰੈਂਟਲ ਫੈਮਿਲੀ ਸਰਵਿਸ ਜਾਂ ਪੇਸ਼ੇਵਰ ਸਟੈਂਡ-ਇਨ ਸੇਵਾ ਆਪਣੇ ਗਾਹਕਾਂ ਨੂੰ ਇਕ ਤਰ੍ਹਾਂ ਅਭਿਨੇਤਾ ਪ੍ਰਦਾਨ ਕਰਦੀ ਸੀ, ਜੋ ਦੋਸਤਾਂ, ਪਰਿਵਾਰਕ ਮੈਂਬਰਾਂ, ਜਾਂ ਸਹਿਕਰਮੀਆਂ ਨੂੰ ਸਮਾਜਿਕ ਸਮਾਗਮਾਂ ਜਿਵੇਂ ਕਿ ਵਿਆਹਾਂ ਵਿਚ ਸਾਥੀ ਪ੍ਰਦਾਨ ਕਰਨ ਦਾ ਕੰਮ ਕਰਦੀ ਸੀ।
1991 ਵਿੱਚ ਜਾਪਾਨ ਕੁਸ਼ਲਤਾ ਕਾਰਪੋਰੇਸ਼ਨ(Nihon Kokasei Honbu) ਦੁਆਰਾ ਸਭ ਤੋਂ ਪਹਿਲਾਂ ਕਿਰਾਏ ਦੀ ਪਰਿਵਾਰਕ ਸੇਵਾ ਦੀ ਪੇਸ਼ਕਸ਼ ਕੀਤੀ ਗਈ ਸੀ। ਮਨੁੱਖੀ ਪਿਆਰ ਕਿਸੇ ਵੀ ਸਮਾਜ ਲਈ ਬੁਨਿਆਦੀ ਹੁੰਦਾ ਹੈ, ਪਰ ਜਾਪਾਨ ਵਿੱਚ ਜੇਕਰ ਇਸਦੀ ਕਿਸੇ ਨੂੰ ਘਾਟ ਹੈ ਤਾਂ ਉਹ ਆਪਣੇ ਰਿਸ਼ਤਿਆਂ ਦਾ ਪਿਆਰ ਥੋੜ੍ਹ ਜਾਂ ਲੰਮੇ ਸਮੇਂ ਲਈ ਖਰੀਦ ਸਕਦਾ ਹੈ। 2009 ਤੱਕ, ਜਾਪਾਨ ਵਿੱਚ ਲਗਭਗ 10 ਕਿਰਾਏ ਦੀਆਂ ਪਰਿਵਾਰਕ ਸੇਵਾ ਏਜੰਸੀਆਂ ਸਨ।
ਸੇਵਾ ਦੀ ਉਦਾਹਰਨ:
ਮੈਂ 12 ਸਾਲ ਦੇ ਬੱਚੇ ਲਈ ਜਿਸਦੀ ਇਕੱਲੀ ਮਾਂ ਹੀ ਸੀ, ਨਾਲ ਪਿਤਾ ਦੀ ਭੂਮਿਕਾ ਨਿਭਾਈ। ਕੁੜੀ ਨਾਲ ਸਹਿਪਾਠੀਆਂ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਸੀ, ਕਿਉਂਕਿ ਉਸਦੇ ਪਿਤਾ ਨਹੀਂ ਸਨ, ਇਸ ਲਈ ਮਾਂ ਨੇ ਮੈਨੂੰ ਕਿਰਾਏ ’ਤੇ ਲੈ ਲਿਆ। ਮੈਂ ਉਦੋਂ ਤੋਂ ਹੀ ਲੜਕੀ ਦੇ ਪਿਤਾ ਵਜੋਂ ਕੰਮ ਕੀਤਾ ਹੈ। ਉਸਦੇ ਲਈ ਹੁਣ ਮੈਂ ਹੀ ਅਸਲੀ ਪਿਤਾ ਹਾਂ ਜਿਸਨੂੰ ਉਹ ਜਾਣਦੀ ਹੈ। ਜੇਕਰ ਗਾਹਕ (ਉਸਦੀ ਮਾਂ) ਕਦੇ ਵੀ ਸੱਚਾਈ ਦਾ ਖੁਲਾਸਾ ਨਹੀਂ ਕਰਦੀ, ਤਾਂ ਮੈਨੂੰ ਲਾਜ਼ਮੀ ਤੌਰ ’ਤੇ ਇਸ ਭੂਮਿਕਾ ਨੂੰ ਜਾਰੀ ਰੱਖਣਾ ਚਾਹੀਦਾ ਹੈ। ਜੇ ਉਸ ਕੁੜੀ ਦਾ ਵਿਆਹ ਹੋ ਜਾਂਦਾ ਹੈ, ਤਾਂ ਮੈਂ ਉਸ ਵਿਆਹ ਵਿੱਚ ਪਿਤਾ ਵਜੋਂ ਫਰਜ਼ ਪੂਰਾ ਕਰਨਾ ਹੁੰਦਾ ਹੈ, ਅਤੇ ਫਿਰ ਮੈਂ ਦਾਦਾ ਬਣਨਾ ਹੁੰਦਾ ਹੈ। ਇਸ ਲਈ, ਮੈਂ ਹਮੇਸ਼ਾ ਹਰ ਗਾਹਕ ਨੂੰ ਪੁੱਛਦਾ ਹਾਂ ‘‘ਕੀ ਤੁਸੀਂ ਇਸ ਝੂਠ ਨੂੰ ਕਾਇਮ ਰੱਖਣ ਲਈ ਤਿਆਰ ਹੋ।’’ .............ਇਕ ਨਕਲੀ ਪਿਤਾ