ਕੈਨੇਡਾ ਦੇ ਮਿਸੀਸੁਆਗਾ ਵਿਖੇ ਖਾਲਿਸਤਾਨ ਰੈਫਰੰਡਮ ਲਈ ਹਜ਼ਾਰਾਂ ਪ੍ਰਵਾਸੀ ਸਿੱਖਾਂ ਨੇ ਪਾਈਆਂ ਵੋਟਾਂ
ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਖਾਲਿਸਤਾਨ ਰੈਫਰੰਡਮ ਦੀ ਸਫਲਤਾ ਲਈ ਅਰਦਾਸ ਨਾਲ ਹੋਈ ਸ਼ੁਰੂਆਤ
ਨਵੀਂ ਦਿੱਲੀ 17 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-ਕੈਨੇਡਾ ਦੇ ਸ਼ਹਿਰ ਮਿਸੀਸੁਆਗਾ ਵਿੱਚ ਖਾਲਿਸਤਾਨ ਰੈਫਰੈਂਡਮ ਲਈ ਵੋਟਿੰਗ ਪਾਈ ਗਈ ਸੀ, ਜਿਸ ਦਾ ਉਦੇਸ਼ ਹਿੰਦੁਸਤਾਨੀ ਪੰਜਾਬ ਦੀ ਆਜ਼ਾਦੀ ਸ਼ਾਂਤੀਪੂਰਨ ਢੰਗ ਨਾਲ ਹਾਸਲ ਕਰਨਾ ਹੈ।
ਇਹ ਵੋਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸ਼ੁਰੂਆਤ ਸ਼ਹੀਦਾਂ ਨੂੰ ਯਾਦ ਕਰਦਿਆਂ ਅਤੇ ਖਾਲਿਸਤਾਨ ਰੈਫਰੰਡਮ ਦੀ ਸਫਲਤਾ ਲਈ ਅਰਦਾਸ ਨਾਲ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ ਸੀ । ਗੁਰਦੁਆਰਾ ਸਾਹਿਬ ਦੇ ਗੇਟ 'ਤੇ ਲੱਗੇ ਨਿਸ਼ਾਨਾਂ ਅਤੇ ਬੈਨਰਾਂ ਨੇ ਇਸ ਨੂੰ "ਰੈਫਰੈਂਡਮ ਵਾਰ ਜ਼ੋਨ" ਘੋਸ਼ਿਤ ਕੀਤਾ ਹੋਇਆ ਸੀ । ਚੋਣ ਸੈਂਟਰ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲਗੀਆਂ ਹੋਈਆਂ ਸੀ ਜੋ ਉੱਥੇ ਰਹਿ ਰਹੀ ਪੰਜਾਬੀ ਅਤੇ ਸਿੱਖ ਅਬਾਦੀ ਦਾ ਆਜ਼ਾਦ ਮੁੱਲਕ ਬਣਾਉਣ ਦਾ ਜਜ਼ਬਾ ਅਤੇ ਉਤਸ਼ਾਹ ਦਿਖਾ ਰਿਹਾ ਸੀ । ਉਹ ਇੱਕ ਸਵਾਲ 'ਤੇ ਵੋਟ ਪਾਉਣ ਲਈ ਲੰਮੀਆਂ ਕਤਾਰਾਂ ਵਿਚ ਇੰਤਜ਼ਾਰ ਕਰ ਰਹੇ ਸਨ: ਕੀ ਤੁਸੀਂ ਚਾਹੁੰਦੇ ਹੋ ਕਿ "ਹਿੰਦੁਸਤਾਨ ਦਾ ਪੰਜਾਬ ਰਾਜ ਖਾਲਿਸਤਾਨ ਨਾਂ ਦਾ ਆਜ਼ਾਦ ਦੇਸ਼ ਬਣੇ.?" ਤਕਰੀਬਨ ਪੰਜਾਹ ਹਜਾਰ ਤੋਂ ਵੱਧ ਲੋਕਾਂ ਨੇ ਇਸ ਚੋਣ ਵਿਚ ਹਿੱਸਾ ਲਿਆ ਸੀ । ਕਤਾਰ 'ਚ ਖੜ੍ਹੇ 22 ਸਾਲਾ ਪਰਨਵੀਰ ਗਿੱਲ ਨੇ ਕਿਹਾ, ''ਸਾਨੂੰ ਆਪਣਾ ਦੇਸ਼ ਚਾਹੀਦਾ ਹੈ। ਉਨ੍ਹਾਂ ਕਿਹਾ, ''ਸਾਨੂੰ ਪੰਜਾਬ ਵਿੱਚ ਬਹੁਤ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। "ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਜਿੱਥੇ ਸਾਡਾ ਧਰਮ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ । ਅਸੀਂ ਅਜਿਹਾ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡਾ ਆਪਣਾ ਇੱਕ ਆਜ਼ਾਦ ਮੁਲਕ ਹੋਵੇ।"
ਜਿਕਰਯੋਗ ਹੈ ਕਿ ਕੈਨੇਡਾ ਵਿਖੇ ਇਹ ਰਾਏਸ਼ੁਮਾਰੀ ਦਾ ਤੀਜਾ ਗੇੜ ਹੈ ਤੇ ਇਸਤੋਂ ਪਹਿਲਾਂ ਗੇੜਾ ਅੰਦਰ ਲੱਖਾ ਵੋਟਾਂ ਪੈ ਚੁਕੀਆਂ ਹਨ ਜਿਸ ਨਾਲ ਹਿੰਦੁਸਤਾਨ ਸਰਕਾਰ ਚਿੰਤਿਤ ਸੀ ਤੇ ਓਹ ਬਾਰ ਬਾਰ ਕੈਨੇਡਾ ਨੂੰ ਇਹ ਜਨਮਤ ਸੰਗ੍ਰਿਹ ਕਰਵਾਉਣ ਤੇ ਰੋਕ ਲਗਾਣ ਲਈ ਕਹਿ ਰਹੀ ਸੀ । ਕੈਨੇਡਾ ਸਰਕਾਰ ਨੇ ਮਨੁੱਖੀ ਆਜ਼ਾਦੀ ਦੇ ਅਧਿਕਾਰ ਦੱਸ ਕੇ ਇਸ ਤੇ ਰੋਕ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ, ਜਿਸ ਨੂੰ ਰਾਏਸ਼ੁਮਾਰੀ ਦੇ ਪ੍ਰਬੰਧਕਾਂ ਦੀ ਵੱਡੀ ਪ੍ਰਾਪਤੀ ਦਸੀ ਜਾ ਰਹੀ ਹੈ ।
ਰਾਏਸ਼ੁਮਾਰੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਹਿੰਦੁਸਤਾਨ ਬੰਦੂਕ ਦੀ ਨੋਕ 'ਤੇ ਸਿੱਖ ਲੋਕਾਂ ਨੂੰ ਉਨ੍ਹਾਂ ਦੇ ਆਜ਼ਾਦੀ ਦੇ ਅਧਿਕਾਰ ਤੋਂ ਵਾਂਝਾ ਨਹੀਂ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਰੈਫਰੈਂਡਮ ਦੇ ਨਤੀਜੇ ਦੁਨੀਆ ਨੂੰ ਦੱਸਣਗੇ ਕਿ ਸਿੱਖ ਲੋਕ ਹਿੰਦੁਸਤਾਨ ਤੋਂ ਪੂਰਨ ਆਜ਼ਾਦੀ ਚਾਹੁੰਦੇ ਹਨ।