ਸਮਲਿੰਗੀ ਵਿਆਹ: ਭਾਰਤੀ ਵੀ ਪਿੱਛੇ ਨਹੀਂ
ਨਿਊਜ਼ੀਲੈਂਡ ’ਚ ਸਮਲਿੰਗੀ ਵਿਆਹ ਕਰਨ ਵਾਲਿਆਂ ’ਚ ਭਾਰਤੀ ਮੂਲ ਦੇ ਮੁੰਡੇ ਅਤੇ ਕੁੜੀਆਂ ਵੀ ਸ਼ਾਮਿਲ
- ਵਿਆਹੇ ਜੋੜਿਆਂ ਵਿਚ ਘੱਟੋ-ਘੱਟ ਇਕ ਭਾਰਤ ਜਨਮਿਆ
-6 ਜੋੜੇ ਅਜਿਹੇ ਜਿਨ੍ਹਾਂ ’ਚ ਦੋਹਾਂ ਦਾ ਜਨਮ ਸਥਾਨ ਭਾਰਤ
-30 ਮੁੰਡਿਆਂ ਅਤੇ 12 ਕੁੜੀਆਂ ਨੇ ਸਮਲਿੰਗੀ ਵਿਆਹ ਕਰਵਾਏ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 17 ਅਗਸਤ, 2023:-ਨਿਊਜ਼ੀਲੈਂਡ ਦੇ ਵਿਚ ਸਮਲਿੰਗੀ ਵਿਆਹਾਂ ਨੂੰ ਮਾਨਤਾ ਅਤੇ ਕਾਨੂੰਨੀ ਅਧਿਕਾਰ ਮਿਲਿਆਂ 10 ਸਾਲ ਦਾ ਸਮਾਂ ਹੋ ਗਿਆ ਹੈ। ਅੰਕੜਾ ਵਿਭਾਗ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਅਗਸਤ 2013 ਤੋਂ ਲੈ ਕੇ 2022 ਤੱਕ 4,113 ਸਮਲਿੰਗੀ ਵਿਆਹ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਸੇ ਸਮੇਂ ਦੌਰਾਨ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਤੋਂ ਇਥੇ ਆ ਕੇ ਸਮਲਿੰਗੀ ਵਿਆਹ ਕੀਤੇ ਉਨ੍ਹਾਂ ਦੀ ਗਿਣਤੀ 2,760 ਰਹੀ। ਪਿਛਲੇ 10 ਸਾਲਾਂ ਦੇ ਵਿਚ ਆਮ ਵਿਆਹ(ਪੁਰਸ਼-ਮਹਿਲਾ) 186,996 ਰਿਕਾਰਡ ਕੀਤੇ ਗਏ। ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਵਾਲਾ ਕਾਨੂੰਨ 19 ਅਗਸਤ 2013 ਨੂੰ ਲਾਗੂ ਹੋਇਆ ਸੀ। ਇਸ ਬਿੱਲ ਦੇ ਹੱਕ ਵਿਚ 77 ਵੋਟਾਂ ਅਤੇ ਵਿਰੋਧ ਵਿਚ 44 ਵੋਟਾਂ ਪਈਆਂ ਸਨ। ਇਸ ਦੌਰਾਨ ਸਮਲਿੰਗੀ ਵਿਆਹਾਂ ਦੀ ਦਰ 2.15% ਦੀ ਕਰੀਬ ਰਹੀ। ਅੰਕੜੇ ਦੱਸਦੇ ਹਨ ਕਿ ਕੁੜੀਆਂ ਨੇ ਕੁੜੀਆਂ ਨਾਲ ਜਿਆਦਾ ਵਿਆਹ ਕਰਵਾਏ। ਇਸ ਵਿਚ ਰਾਜਨੀਤਕ ਲੋਕ ਵੀ ਸ਼ਾਮਿਲ ਰਹੇ। 2,700 ਕੁੜੀਆਂ ਨੇ ਆਪਸੀ ਵਿਆਹ ਕਰਵਾਏ ਜਦ ਕਿ 1,400 ਮੁੰਡਿਆਂ ਨੇ। ਬਾਹਰੋਂ ਆ ਕੇ ਸਮਲਿੰਗੀ ਵਿਆਹ ਕਰਨ ਵਾਲਿਆਂ ਦੇ ਵਿਚ ਬਹੁ ਗਿਣਤੀ ਆਸਟਰੇਲੀਆ ਵਾਲਿਆਂ ਦੀ (58%) ਰਹੀ। 9 ਦਸੰਬਰ 2017 ਨੂੰ ਫੈਡਰਲ ਮੈਰਿਜ ਐਕਟ ਆਸਟਰੇਲੀਆ ਲਾਗੂ ਹੋਣ ਕਾਰਨ ਉਥੇ ਸਮਲਿੰਗੀ ਵਿਆਹ ਹੋਣ ਲਗ ਪਏ ਅਤੇ ਇਥੇ ਗਿਣਤੀ ਘਟ ਗਈ। ਦੂਜੇ ਨੰਬਰ ਉਤੇ ਚਾਈਨਾ ਤੇ ਹਾਂਗਕਾਂਗ ਵਾਲੇ ਰਹੇ ਤੇ ਫਿਰ ਅਮਰੀਕਾ ਅਤੇ ਹੋਰ।
ਭਾਰਤੀ ਵੀ ਪਿੱਛੇ ਨਹੀਂ ਰਹੇ:-ਅੰਕੜਾ ਵਿਭਾਗ ਵੱਲੋਂ ਭਾਵੇਂ ਨਸਲੀ ਫਰਕ ਦੇ ਨਾਲ ਅਜਿਹੇ ਅੰਕੜੇ ਤਰਤੀਬਾਰ ਨਹੀਂ ਕੀਤੇ ਜਾਂਦੇ ਪਰ ਮੇਰੀ ਬੇਨਤੀ ਉਤੇ ਕੁਝ ਭਾਰਤੀਆਂ ਨਾਲ ਸਬੰਧਿਤ ਅੰਕੜੇ ਜ਼ਰੂਰ ਪ੍ਰਾਪਤ ਕਰਨ ਵਿਚ ਕਾਮਯਾਬੀ ਮਿਲੀ। ਨਿਊਜ਼ੀਲੈਂਡ ਦੇ ਵਿਚ ਰਹਿੰਦੇ ਭਾਰਤੀ ਮੂਲ ਦੇ ਜਾਂ ਘੱਟੋ-ਘੱਟ ਵਿਆਂਦੜ ਜੋੜੇ ਵਿਚੋਂ ਇਕ ਭਾਰਤ ਜਨਮ ਲੈਣ ਵਾਲਾ ਦਰਜ ਕੀਤਾ ਗਿਆ। ਅਜਿਹੇ ਸਮਲਿੰਗੀ ਜੋੜਿਆਂ ਦੀ ਗਿਣਤੀ ਪਿਛਲੇ 10 ਸਾਲਾਂ ਦੇ ਵਿਚ 42 ਤੋਂ 45 ਤੱਕ ਰਹੀ ਹੈ। 30 ਪੁਰਸ਼ ਅਤੇ 12 ਮਹਿਲਾ ਜੋੜਿਆਂ ਦੇ ਵਿਚ ਘੱਟੋ-ਘੱਟ ਇਕ ਭਾਰਤ ਜਨਮਿਆ ਪਾਇਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਵਿਚ 6 ਜੋੜੇ ਅਜਿਹੇ ਵੀ ਸਨ ਜਿਹੜੇ ਦੋਵੇਂ ਭਾਰਤ ਜਨਮੇ ਹੋਏ ਸਨ। ਕਿਸੇ ਹੋਰ ਮੁਲਕਾਂ ਤੋਂ ਇਥੇ ਆ ਕੇ ਸਮਲਿੰਗੀ ਵਿਆਹ ਕਰਨ ਵਾਲਿਆਂ ਦੇ ਵਿਚ 18 ਜੋੜੇ ਅਜਿਹੇ ਵੀ ਸਨ ਜਿਨ੍ਹਾਂ ਵਿਚੋਂ ਘੱਟੋ-ਘੱਟ ਇਕ ਭਾਰਤ ਜਨਮਿਆ ਹੋਇਆ ਸੀ। ਇਨ੍ਹਾਂ ਵਿਚ 15 ਪੁਰਸ਼ ਜੋੜੇ ਸਨ ਅਤੇ 3 ਮਹਿਲਾ ਜੋੜੇ ਸਨ। ਇਨ੍ਹਾਂ 18 ਵਿਚੋਂ 6 ਜੋੜੇ ਅਜਿਹੇ ਸਨ ਜਿਹੜੇ ਦੋਵੇਂ ਭਾਰਤ ਦੇ ਜਨਮੇ ਸਨ। ਵਰਨਣਯੋਗ ਹੈ ਕਿ ਜੇਕਰ ਤੁਸੀਂ ਸਮਲਿੰਗੀ ਵਿਆਹ ਵੀ ਕਰਵਾ ਲੈਂਦੇ ਹੋ ਤਾਂ ਤੁਹਾਨੂੰ ਵਿਆਹ ਵਾਲੇ ਅਧਿਕਾਰ ਮਿਲ ਸਕਦੇ ਹਨ।