ਚੰਦਰਯਾਨ-3: ਭਾਰਤ ਦੀ ਚਾਰੇ ਪਾਸੇ ਜੈ-ਜੈ
ਨਿਊਜ਼ੀਲੈਂਡ ਐਕਟ ਪਾਰਟੀ ਨੇਤਾ ਡੇਵਿਡ ਸੀਮੋਰ ਅਤੇ ਉਮੀਦਵਾਰ ਡਾ. ਪਰਮਜੀਤ ਪਰਮਾਰ ਵੱਲੋਂ ਵਧਾਈ
-ਆਪਣੀ ਫੇਸ ਬੁੱਕ ਉਤੇ ਵੀ ਪੋਸਟ ਸਾਂਝੀ ਕੀਤੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਅਗਸਤ, 2023:-‘ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ’ (ਇਸਰੋ) ਨਿਰਮਿਤ ਅਤੇ ਸੰਚਾਲਿਤ ਭਾਰਤ ਦਾ ਚੰਦਰਯਾਨ-3 (ਵਿਕਰਮ ਲੈਂਡਰ) ਦਾ 40 ਦਿਨ ਬਾਅਦ ਚੰਦਰਮਾ ਉਤੇ ਸਫਲਤਾਪੂਰਵਕ ਦੱਖਣੀ ਧਰੁਵ ਉਤੇ ਉਤਰ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ। ਇਸ ਵਿਗਿਆਨਕ ਉਪਲਬਧੀ ਅਤੇ ਵਿਸ਼ਵ ਦਾ ਹਾਣੀ ਬਨਣ ਉਤੇ ਜਿੱਥੇ ਭਾਰਤ ਨੂੰ ਦੇਸ਼ ਦੇ ਹਰ ਕੋਨੇ ਤੋਂ ਵਧਾਈ ਮਿਲ ਰਹੀ ਹੈ, ਉਥੇ ਵਿਦੇਸ਼ਾਂ ਤੋਂ ਵੀ ਰਾਜਨੀਤਕ ਅਤੇ ਵਿਗਿਆਨੀ ਲੋਕ ਵਧਾਈ ਦੇ ਰਹੇ ਹਨ। ਨਿਊਜ਼ੀਲੈਂਡ ਐਕਟ ਪਾਰਟੀ ਨੇਤਾ ਸ੍ਰੀ ਡੇਵਿਡ ਸੀਮੋਰ ਅਤੇ ਹਲਕਾ ਪਾਕੂਰੰਗਾ ਤੋਂ ਆਉਂਦੀਆਂ ਸੰਸਦੀ ਚੋਣਾਂ ਲਈ ਉਮੀਦਵਾਰ ਡਾ. ਪਰਮਜੀਤ ਕੌਰ ਪਰਮਾਰ ਨੇ ਵੀ ਇਸ ਮੌਕੇ ਭਾਰਤ ਸਰਕਾਰ ਅਤੇ ਭਾਰਤੀ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ ਉਨ੍ਹਾਂ ਕਿਹਾ ਕਿ ਚੰਦਰਮਾ ਤੱਕ ਸਫਲਤਾ ਪੂਰਵਕ ਪਹੁੰਚਣਾ ਇਕ ਵੱਡੀ ਪ੍ਰਾਪਤੀ ਹੈ। ਦੇਸ਼-ਵਿਦੇਸ਼ ਵਸਦੇ ਭਾਰਤੀ ਲੋਕ ਵੀ ਇਸ ਇਤਿਹਾਸਕ ਪਲ ਦਾ ਮਾਣ ਮਹਿਸੂਸ ਕਰ ਰਹੇ ਹਨ। ਭਾਰਤ ਜਿੱਥੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਉਥੇ ਇਸ ਦੇ ਲਗਾਤਾਰ ਹੋ ਰਹੇ ਵਿਕਾਸ ਵੀ ਨਿਊਜ਼ੀਲੈਂਡ ਦੇਸ਼ ਦੇ ਲਈ ਮਹੱਤਵਪੂਰਨ ਹਨ। ਵਪਾਰ ਅਤੇ ਨਿਵੇਸ਼ ਦੇ ਲਈ ਦੋਹਾਂ ਦੇਸ਼ਾਂ ਦੇ ਵਿਚ ਵੱਡੀਆਂ ਸੰਭਾਵਨਾ ਹਨ। ਉਨ੍ਹਾਂ ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਬਣ ਰਹੀ ਹੈ ਅਤੇ ਦੇਸ਼-ਵਿਦੇਸ਼ ਵਸਦੇ ਭਾਰਤੀ ਚੰਦਰਯਾਨ-3 ਦੀ ਸਫਲਤਾ ਨੂੰ ਸਮਾਗਮ ਵਾਂਗ ਮਨਾ ਰਹੇ ਹਨ।
ਸੋ ਭਾਰਤ ਦੀ ਚੰਦਰਯਾਨ-3 ਦੀ ਸਫਲਲਤਾ ਉਤੇ ਚਾਰੇ ਪਾਸੇ ਜੈ-ਜੈ ਕਾਰ ਹੋ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਚੰਦਾ ਮਾਮਾ ‘ਦੂਰ’ ਨਹੀਂ ਰਿਹਾ ਹੁਣ ਇਹ ਇਕ ‘ਟੂਰ’ ਹੈ। ਅਤੇ ਅੰਮ੍ਰਿਤ ਕਾਲ ਵਿਚ ਨਵੀਂ ਅੰਮ੍ਰਿਤ ਵਰਸ਼ਾ ਹੋਈ ਹੈ।