ਯੂਕੇ: ਯਾਤਰਾ ਦੀ ਟ੍ਰੈਫਿਕ ਲਾਈਟ ਪ੍ਰਣਾਲੀ ਹੋਈ ਅਪਡੇਟ, ਹਰੀ ਸੂਚੀ ਵਿੱਚ ਸ਼ਾਮਲ ਕੀਤੇ ਨਵੇਂ ਦੇਸ਼
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਤਹਿਤ ਟ੍ਰੈਫਿਕ ਲਾਈਟ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਦੇਸ਼ਾਂ ਨੂੰ ਵਾਇਰਸ ਦੀ ਲਾਗ ਦੀ ਦਰ ਦੇ ਹਿਸਾਬ ਨਾਲ ਹਰੀ, ਅੰਬਰ ਅਤੇ ਲਾਲ ਸੂਚੀ ਵਿੱਚ ਵੰਡਿਆ ਗਿਆ ਸੀ। ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਯੂਕੇ ਸਰਕਾਰ ਨੇ ਆਪਣੀ ਟ੍ਰੈਫਿਕ-ਲਾਈਟ ਪ੍ਰਣਾਲੀ ਨੂੰ ਅਪਡੇਟ ਕੀਤਾ ਹੈ, ਜਿਸ ਵਿਚ ਇਬੀਜ਼ਾ, ਮੈਲੋਰਕਾ, ਮੇਨੋਰਕਾ ਅਤੇ ਮਦੀਰਾ ਆਦਿ ਦੇਸ਼ਾਂ ਸ਼ਾਮਲ ਹਨ। 8 ਜੂਨ ਨੂੰ ਟ੍ਰੈਫਿਕ ਲਾਈਟ ਪ੍ਰਣਾਲੀ ਦੇ ਆਖ਼ਰੀ ਅਪਡੇਟ ਤੋਂ ਬਾਅਦ, ਪੁਰਤਗਾਲ ਨੂੰ ਹਰੀ ਤੋਂ ਅੰਬਰ ਸੂਚੀ ਵਿਚ ਤਬਦੀਲ ਕਰ ਦਿੱਤਾ ਸੀ। ਪਰ ਹੁਣ, ਇੰਗਲੈਂਡ ਦੇ ਲੋਕ ਕੁੱਝ ਵਧੇਰੇ ਆਮ ਯਾਤਰੀ ਗਰਮ ਸਥਾਨਾਂ 'ਤੇ ਜਾ ਸਕਣਗੇ, ਲੱੱਗਭਗ 20 ਦੇਸ਼ਾਂ ਅਤੇ ਪ੍ਰਸਿੱਧ ਸਥਾਨਾਂ ਨੂੰ ਵੀਰਵਾਰ ਰਾਤ ਨੂੰ ਅੰਬਰ ਤੋਂ ਹਰੀ ਸੂਚੀ ਵਿੱਚ ਭੇਜਿਆ ਗਿਆ ਹੈ। ਸਰਕਾਰ ਦੁਆਰਾ ਕਿਸੇ ਦੇਸ਼ ਦੀ ਟੀਕਾਕਰਨ ਦਰ, ਲਾਗ ਦੀ ਦਰ, ਵਾਇਰਸ ਦੇ ਰੂਪਾਂ ਦਾ ਪ੍ਰਸਾਰ ਆਦਿ ਵੇਖ ਕੇ ਟ੍ਰੈਫਿਕ-ਲਾਈਟ ਪ੍ਰਣਾਲੀ ਅਪਡੇਟ ਕੀਤੀ ਜਾਂਦੀ ਹੈ।
ਇੰਗਲੈਂਡ ਦੇ ਲੋਕ ਹੁਣ ਹਰੀ ਸੂਚੀ ਵਾਲੇ ਦੇਸ਼ਾਂ ਐਂਗੁਇਲਾ, ਐਂਟੀਗੁਆ ਅਤੇ ਬਾਰਬੁਡਾ, ਬੇਲੇਅਰਿਕ ਟਾਪੂ (ਮੈਲੋਰਕਾ, ਮੇਨੋਰਕਾ, ਇਬਿਜ਼ਾ, ਅਤੇ ਫੋਰਮੇਂਟੇਰਾ), ਬਾਰਬਾਡੋਸ, ਬਰਮੁਡਾ, ਬ੍ਰਿਟਿਸ਼ ਅੰਟਾਰਕਟਿਕ ਪ੍ਰਦੇਸ਼, ਬ੍ਰਿਟਿਸ਼ ਹਿੰਦ ਮਹਾਂਸਾਗਰ ਪ੍ਰਦੇਸ਼, ਬ੍ਰਿਟਿਸ਼ ਵਰਜਿਨ ਆਈਲੈਂਡਜ਼, ਕੇਮੈਨ ਆਈਲੈਂਡਜ਼, ਡੋਮਿਨਿਕਾ, ਗ੍ਰੇਨਾਡਾ, ਮਡੇਈਰਾ, ਪੁਰਤਗਾਲ,ਮਾਲਟਾ, ਮਾਂਟਸੇਰਟ, ਪਿਟਕੇਰਨ ਆਈਲੈਂਡਜ਼ ਅਤੇ ਤੁਰਕਸ ਐਂਡ ਕੈਕੋਸ ਟਾਪੂ ਆਦਿ ਸਥਾਨਾਂ ਤੋਂ ਵਾਪਸੀ ਦੌਰਾਨ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਜਾ ਸਕਦੇ ਹਨ। ਕਿਸੇ ਵੀ ਹਰੀ ਸੂਚੀ ਵਾਲੇ ਦੇਸ਼ ਨੂੰ ਅੰਬਰ ਸੂਚੀ ਵਿੱਚ ਨਹੀਂ ਛੱਡਿਆ ਗਿਆ, ਪਰ ਇਜ਼ਰਾਈਲ ਅਤੇ ਯਰੂਸ਼ਲਮ ਨੂੰ ਨਿਗਰਾਨੀ ਵਾਲੀ ਹਰੀ ਸੂਚੀ ਵਿੱਚ ਭੇਜਿਆ ਗਿਆ ਹੈ। ਇਸਦੇ ਨਾਲ ਹੀ ਛੇ ਦੇਸ਼ਾਂ ਨੂੰ ਲਾਲ ਸੂਚੀ ਵਿੱਚ ਪਾਇਆ ਗਿਆ ਹੈ, ਜਿਹਨਾਂ ਵਿੱਚ ਡੋਮਿਨਿਕਨ ਰੀਪਬਲਿਕ, ਏਰੀਟਰੀਆ, ਹੈਤੀ, ਮੰਗੋਲੀਆ, ਟਿਊਨੀਸ਼ੀਆ, ਯੂਗਾਂਡਾ ਆਦਿ ਸ਼ਾਮਲ ਹਨ। ਇਹ ਸਾਰੀਆਂ ਤਬਦੀਲੀਆਂ 30 ਜੂਨ, ਬੁੱਧਵਾਰ ਸਵੇਰੇ 4 ਵਜੇ ਤੋਂ ਲਾਗੂ ਹੋਣਗੀਆਂ। ਹਾਲਾਂਕਿ ਗ੍ਰੀਨ ਲਿਸਟ ਵਿੱਚ ਸ਼ਾਮਲ ਕੁੱਝ ਦੇਸ਼, ਜਿਵੇਂ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਆਦਿ ਦੀਆਂ ਸਰਹੱਦਾਂ ਸੈਲਾਨੀਆਂ ਲਈ ਅਜੇ ਵੀ ਬੰਦ ਹਨ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਨੇ ਇਕੋ ਜਿਹੀਆਂ ਸੂਚੀਆਂ ਦੀ ਘੋਸ਼ਣਾ ਕੀਤੀ ਸੀ, ਪਰ ਵੇਲਜ਼ ਨੇ ਅਜੇ ਤੱਕ ਕੁੱਝ ਨਹੀਂ ਦੱਸਿਆ ਹੈ। ਸਰਕਾਰ ਦੁਆਰਾ ਯਾਤਰਾ ਸਬੰਧੀ ਅਗਲੇ ਵੇਰਵੇ ਅਗਲੇ ਮਹੀਨੇ ਤੈਅ ਕੀਤੇ ਜਾਣਗੇ।