ਬਠਿੰਡਾ। STF ਮੁਹਾਲੀ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਇਨਾਤ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖ਼ਿਲਾਫ਼ ਨਸ਼ਿਆਂ ਦੇ ਕਾਰੋਬਾਰ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਐਨਡੀਪੀਐਸ ਐਕਟ (NDPS Act) ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਬਾਅਦ ਵੀਰਵਾਰ ਸਵੇਰੇ ਐਸਟੀਐਫ ਦੀ ਟੀਮ ਨੇ ਬਠਿੰਡਾ ਅਤੇ ਮੌੜ ਮੰਡੀ ਵਿੱਚ ਡਰੱਗ ਇੰਸਪੈਕਟਰ ਦੇ ਘਰ ਅਤੇ ਸੂਬੇ ਭਰ ਵਿੱਚ 13 ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਐਸਟੀਐਫ ਦੀ ਟੀਮ ਨੇ ਡਰੱਗ ਇੰਸਪੈਕਟਰ ਦੇ ਸਾਰੇ ਖਾਤੇ, ਸੋਨਾ, ਐਫਡੀ ਸੀਲ ਕਰ ਲਈ ਅਤੇ ਕੁਝ ਦਸਤਾਵੇਜ਼ ਵੀ ਲੈ ਗਏ, ਇਸ ਸਮੇਂ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ 19 ਜੁਲਾਈ ਤੋਂ 31 ਅਗਸਤ ਤੱਕ ਛੁੱਟੀ 'ਤੇ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਿਸ਼ਨ ਬਠਿੰਡਾ ਅਤੇ ਮਾਨਸਾ ਵਿੱਚ ਵੀ ਡਰੱਗ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਰਹਿ ਚੁੱਕੇ ਹਨ। STF ਦੀਆਂ ਤਿੰਨ ਵੱਖ-ਵੱਖ ਟੀਮਾਂ ਨੇ ਸ਼ਿਸ਼ਨ ਮਿੱਤਲ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਐਸਟੀਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਨਸ਼ਾ ਵੇਚ ਕੇ ਬੇਨਾਮੀ ਜਾਇਦਾਦ ਬਣਾਈ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵੀਰਵਾਰ ਨੂੰ ਮੁਹਾਲੀ ਐਸਟੀਐਫ ਦੀਆਂ ਟੀਮਾਂ ਨੇ ਬਠਿੰਡਾ, ਮੌੜ ਮੰਡੀ ਅਤੇ ਗਿੱਦੜਬਾਹਾ ਤੋਂ ਇਲਾਵਾ 13 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਦੋਸ਼ੀ ਡਰੱਗ ਇੰਸਪੈਕਟਰ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਕਾਫੀ ਬੇਨਾਮੀ ਜਾਇਦਾਦ ਬਣਾਈ ਸੀ ਅਤੇ ਸਮੱਗਲਿੰਗ ਦਾ ਧੰਦਾ ਵੀ ਕਰਦਾ ਸੀ। ਉਸ ਦੇ ਮੋੜ ਮੰਡੀ ਦੇ ਵੱਡੇ ਤਸਕਰਾਂ ਨਾਲ ਵੀ ਸਬੰਧ ਹਨ। ਕਰੀਬ 5 ਤੋਂ 6 ਘੰਟੇ ਤੱਕ ਚੱਲੀ ਜਾਂਚ ਦੌਰਾਨ ਬਠਿੰਡਾ ਵਿਖੇ ਡੀ.ਐਸ.ਪੀ ਪਰਮਜੀਤ ਸਿੰਘ ਡੋਡ ਅਤੇ ਮੌੜ ਮੰਡੀ ਵਿੱਚ ਰਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ ਐਸ.ਟੀ.ਐਫ ਦੀ ਟੀਮ ਨੇ ਗਣਪਤੀ ਸਥਿਤ ਸ਼ਿਸ਼ਨ ਮਿੱਤਲ ਦੇ ਘਰੋਂ ਵਾਹਨਾਂ ਦੇ ਕਾਗਜ਼ਾਤ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ।