ਤਰਨਤਾਰਨ: ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਤਰਨਤਾਰਨ ਪੁਲਿਸ ਨੇ ਹੱਲ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਧਾਉਣ ਲਈ ਕੁੱਕੂ ਨੇ ਆਪ ਹੀ ਆਪਣੇ ਘਰ ’ਤੇ ਗੋਲੀਆਂ ਚਲਾਈਆਂ ਸਨ। ਪੁਲਿਸ ਪਹਿਲੇ ਦਿਨ ਤੋਂ ਹੀ ਇਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਅਤੇ ਜਾਂਚ ਦੌਰਾਨ ਇਸਦਾ ਖੁਲਾਸਾ ਹੋਣ ਤੋਂ ਬਾਅਦ ਪੁਲਿਸ ਨੇ ਕੁੱਕੂ ਦੇ ਨਾਲ-ਨਾਲ ਸ਼ਹਿਰੀ ਪ੍ਰਧਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਸ਼ਵਨੀ ਕੁਮਾਰ ਕੁੱਕੂ ਨੇ 9 ਜਨਵਰੀ ਦੀ ਸਵੇਰ ਕਰੀਬ ਸਾਢੇ 4 ਵਜੇ ਆਪਣੇ ਘਰ ਉੱਪਰ ਅਣਪਛਾਤਿਆਂ ਵੱਲੋਂ ਗੋਲੀ ਚਲਾਉਣ ਦੀ ਸ਼ਿਕਾਇਤ ਕੀਤੀ ਸੀ। ਜਿਸਦੇ ਚੱਲਦਿਆਂ ਪੁਲਿਸ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਅਤੇ ਫੌਰੈਂਸਿਕ ਟੀਮਾਂ ਵੱਲੋਂ ਵੀ ਗੋਲੀਆਂ ਦੇ ਨਿਸ਼ਾਨ ਦੀ ਜਾਂਚ ਕੀਤੀ ਗਈ। ਜਦੋਂਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੱਕੂ ਨੇ ਆਪ ਹੀ ਸ਼ਹਿਰੀ ਪ੍ਰਧਾਨ ਅਵਨਜੀਤ ਸਿੰਘ ਦੇ ਰਿਵਾਲਵਰ ਨਾਲ ਆਪਣੇ ਘਰ ਉੱਪਰ ਗੋਲੀ ਚਲਾਈ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।