ਫਿਰੋਜ਼ਪੁਰ : ਦੇਸ਼ ਭਰ ਵਿੱਚ ਚੱਲ ਰਹੇ ਹੈਰੋਇਨ ਨਸ਼ੇ ਦੇ ਇਸ ਦੌਰ ਦੌਰਾਨ ਗਾਹੇ ਬਗਾਹੇ ਪੁਲਿਸ ਵੱਲੋਂ ਅਫ਼ੀਮ ਅਤੇ ਚੂਰਾ ਪੋਸਤ ਵੀ ਫੜੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ 23 ਕਿਲੋ 177 ਗ੍ਰਾਮ ਅਫ਼ੀਮ ਅਤੇ ਇੱਕ ਕਰੇਟਾ ਕਾਰ ਸਮੇਤ ਦੋ ਨਸ਼ਾ ਤਸਕਰ ਪੁਲਿਸ ਅੜਿਕੇ ਚੜ੍ਹ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜਪੁਰ ਪੁਲਿਸ ਮੁਖੀ ਸੋਮਿਆ ਮਿਸ਼ਰਾ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਦੇ ਚੱਲਦੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ 23 ਕਿਲੋ 177 ਗ੍ਰਾਮ ਅਫ਼ੀਮ ਤੇ ਇਕ ਕਰੇਟਾ ਕਾਰ ਨੰਬਰ ਪੀਬੀ 05 ਏਪੀ 0300 ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਤਲਵੰਡੀ ਭਾਈ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸਬ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਨੇੜੇ ਫਲਾਈਓਵਰ ਤਲਵੰਡੀ ਭਾਈ ਪਾਸ ਪੁਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਸੁੱਚਾ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਗੁਲਾਮੀ ਵਾਲਾ ਅਤੇ ਸਾਰਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਅੱਛੇ ਵਾਲਾ ਜੋ ਅਫੀਮ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਕਾਰ ਕਰੇਟਾ ’ਤੇ ਸਵਾਰ ਹੋ ਕੇ ਅਫੀਮ ਵੇਚਣ ਲਈ ਜ਼ੀਰਾ ਤੋਂ ਫਿਰੋਜ਼ਪੁਰ ਵੱਲ ਜਾ ਰਹੇ ਹਨ। ਜਿਸ 'ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਉਕਤ ਕਾਰ ਕਰੇਟਾ ਨੂੰ ਕਾਬੂ ਕਰ ਕੇ ਦੋਸ਼ੀਅਨ ਕੋਲੋਂ 23 ਕਿਲੋ 177 ਗ੍ਰਾਮ ਅਫੀਮ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।