,ਫ਼ਾਜ਼ਿਲਕਾ :ਬੀਤੀ ਰਾਤ,ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬਨਵਾਲਾ ਹਨੂਵੰਤਾ ਵਿੱਚ ਲੁਟੇਰਿਆਂ ਨੇ ਇੱਕ ਬਜ਼ੁਰਗ ਜੋੜੇ ਦੇ ਘਰ ਵਿੱਚ ਦਾਖਲ ਹੋ ਕੇ ਨਾ ਸਿਰਫ਼ ਲੁੱਟਮਾਰ ਕੀਤੀ ਬਲਕਿ 75 ਸਾਲਾ ਔਰਤ ਹਰਬੰਸ ਕੌਰ ਦੀ ਵੀ ਹੱਤਿਆ ਕਰ ਦਿੱਤੀ। ਕਤਲ ਅਤੇ ਡਕੈਤੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਜ਼ੁਰਗ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਫੋਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਕੀਤੀ।ਮ੍ਰਿਤਕ ਔਰਤ ਦੇ ਦੋਹਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਨਾਨਾ ਨਿਰਭੈ ਸਿੰਘ ਅਤੇ ਨਾਨੀ ਹਰਬੰਸ ਕੌਰ ਪਿੰਡ ਵਿੱਚ ਇਕੱਲੇ ਹੀ ਰਹਿੰਦੇ ਸਨ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਆਸਟ੍ਰੇਲੀਆ ਵਿੱਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਕੁਝ ਅਣਪਛਾਤੇ ਲੁਟੇਰੇ ਰਾਤ ਨੂੰ ਘਰ ਵਿੱਚ ਦਾਖਲ ਹੋਏ ਅਤੇ ਬਜ਼ੁਰਗ ਜੋੜੇ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਲੁਟੇਰਿਆਂ ਨੇ ਹਰਬੰਸ ਕੌਰ 'ਤੇ ਜਾਨਲੇਵਾ ਹਮਲਾ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲੁੱਟ ਕਰਨ ਆਏ ਵਿਅਕਤੀਆਂ ਵਲੋਂ ਘਰ ਵਿੱਚੋਂ ਕੀ-ਕਿ ਲੁੱਟਿਆ ਗਿਆ ਹੈ।
ਘਰ ਦੀਆਂ ਅਲਮਾਰੀਆਂ ਅਤੇ ਹੋਰ ਜਰੂਰੀ ਸਮਾਨ ਖਿਲਰਿਆ ਮਿਲੀਆਂ
ਘਰ ਦਾ ਦ੍ਰਿਸ਼ ਬਹੁਤ ਭਿਆਨਕ ਸੀ। ਸਾਰੀਆਂ ਅਲਮਾਰੀਆਂ ਖੁੱਲ੍ਹੀਆਂ ਸਨ ਅਤੇ ਕੱਪੜੇ ਖਿੰਡੇ ਹੋਏ ਸਨ। ਲੁੱਟ ਦੀ ਨੀਯਤ ਨਾਲ ਆਏ ਵਿਅਕਤੀਆਂ ਨੇ ਪੂਰੇ ਘਰ ਦੀ ਤਲਾਸ਼ੀ ਲਈ। ਜਾਣਕਾਰੀ ਦਿੰਦਿਆਂ ਡੀਐਸਪੀ ਇਨਵੈਸਟੀਗੇਸ਼ਨ ਬਲਕਾਰ ਸਿੰਘ ਨੇ ਦੱਸਿਆ ਕਿ ਨਿਰਭੈ ਸਿੰਘ ਦੇ ਘਰ ਹੋਈ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਔਰਤ ਦਾ ਕਤਲ ਕਿਵੇਂ ਹੋਇਆ ਅਤੇ ਵਾਰਦਾਤ ਨੂੰ ਕਿਸ ਤ੍ਰਾਹ ਅੰਜਾਮ ਦਿਤਾ ਗਿਆ।
ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੁਟੇਰਿਆਂ ਦੀ ਭਾਲ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।