ਤਰਨਤਾਰਨ : ਵਿਦੇਸ਼ਾਂ 'ਚ ਬੈਠ ਕੇ ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲਖਬੀਰ ਸਿੰਘ ਹਰੀਕੇ ਦੇ ਗੁਆਂਢੀ ਆੜ੍ਹਤੀ ਰਾਮ ਗੋਪਾਲ ਨੂੰ ਬਾਈਕ ਸਵਾਰਾਂ ਨੇ ਗੋਲ਼ੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਉਸ ਨੂੰ ਗੰਭੀਰ ਹਾਲਤ 'ਚ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੰਮੂ-ਕਸ਼ਮੀਰ-ਰਾਜਸਥਾਨ ਨੈਸ਼ਨਲ ਹਾਈਵੇਅ 'ਤੇ ਸਥਿਤ ਕਸਬਾ ਹਰੀਕੇ ਪੱਤਣ ਦਾ ਰਹਿਣ ਵਾਲਾ ਆੜ੍ਹਤੀ ਰਾਮ ਗੋਪਾਲ ਐਤਵਾਰ ਸਵੇਰੇ ਆਪਣੇ ਘਰ ਦੇ ਨਾਲ ਲੱਗਦੇ ਆੜ੍ਹਤ ਦੇ ਦਫਤਰ ਦੇ ਬਾਹਰ ਬੈਠਾ ਸੀ। ਬਾਈਕ ਸਵਾਰ ਦੋ ਵਿਅਕਤੀ ਆਏ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਪਿਸਤੌਲ ਨਾਲ ਚਾਰ ਗੋਲੀਆਂ ਚਲਾਈਆਂ। ਆੜ੍ਹਤੀ ਰਾਮ ਗੋਪਾਲ ਦੇ ਮੋਢੇ 'ਤੇ ਇਕ ਗੋਲ਼ੀ ਲੱਗੀ। ਉਨ੍ਹਾਂ ਦੇ ਚਚੇਰੇ ਭਰਾ ਅਜੈ ਕੁਮਾਰ ਚੀਨੂ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ 'ਚ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ (ਆਈ) ਅਜੈਰਾਜ ਸਿੰਘ, ਡੀਐਸਪੀ (ਆਈ) ਰਜਿੰਦਰ ਸਿੰਘ ਮਿਨਹਾਸ, ਡੀਐਸਪੀ ਪੱਟੀ ਗੁਰਕ੍ਰਿਪਾਲ ਸਿੰਘ, ਹਰੀਕੇ ਪੱਤਣ ਦੇ ਇੰਚਾਰਜ ਰਣਜੀਤ ਸਿੰਘ ਮੌਕੇ ’ਤੇ ਪੁੱਜੇ। ਇਲਾਕੇ 'ਚ ਨਾਕਾਬੰਦੀ ਕੀਤੀ ਗਈ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ।