ਗੋਲੇਵਾਲ਼ਾ : ਜਗਜੀਤ ਸਿੰਘ ਡੱਲੇਵਾਲ਼ ਨੂੰ ਮਰਨ ਵਰਤ ’ਤੇ ਬੈਠਿਆਂ ਅੱਜ 46 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਪਲ਼-ਪਲ਼ ਨਾਜ਼ੁਕ ਹੋ ਰਹੀ ਹੈ। ਅੱਜ ਟੀਮ ਨੇ ਪਿੰਡ ਡੱਲੇਵਾਲ਼ਾ ਫ਼ਰੀਦਕੋਟ ਦਾ ਦੌਰਾ ਕੀਤਾ ਤਾਂ ਪਿੰਡ ਵਿੱਚ ਵਿਰਲੀਆਂ ਔਰਤਾਂ ਹੀ ਮਿਲ਼ੀਆਂ ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਸਾਂਭ-ਸੰਭਾਲ ਵਾਸਤੇ ਪਿੰਡ ਵਿੱਚ ਕੁਝ ਕੁ ਬੰਦੇ ਹਨ ਨਹੀਂ ਤਾਂ ਸਾਰਾ ਪਿੰਡ ਖ਼ਨੌਰੀ ਬਾਰਡਰ ’ਤੇ ਹੀ ਹੈ।
ਇਸ ਮੌਕੇ ਬੀਬੀ ਗੁਰਮੀਤ ਕੌਰ ਨੇ ਦੱਸਿਆ ਕਿ ਜਿਸ ਦਿਨ ਦੀ ਜਗਜੀਤ ਸਿੰਘ ਡੱਲੇਵਾਲ਼ ਦੀ ਹਾਲਤ ਨਾਜ਼ੁਕ ਹੋਈ ਹੈ ਉਸ ਦਿਨ ਤੋਂ ਲਗਪਗ ਉਨ੍ਹਾਂ ਦੇ ਪਿੰਡ ਦੇ ਸਾਰੇ ਆਦਮੀ ਅਤੇ ਔਰਤਾਂ ਖ਼ਨੌਰੀ ਬਾਰਡਰ ’ਤੇ ਮੌਜ਼ੂਦ ਹਨ। ਪਰਵਿੰਦਰ ਕੌਰ ਅਤੇ ਸ਼ਿੰਦਰਪਾਲ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਕੁ ਔਰਤਾਂ ਹਨ ਜਿਨ੍ਹਾਂ ਨੂੰ ਮਜਬੂਰੀ ਕਾਰਨ ਘਰ ਰਹਿਣਾ ਪੈਂਦਾ ਹੈ। ਪੱਤਰਕਾਰਾਂ ਦੇ ਪੁੱਛੇ ਜਾਣ ’ਤੇ ਕੁਲਵਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਬੰਦੇ ਖ਼ਨੌਰੀ ਬਾਰਡਰ ’ਤੇ ਹੋਣ ਕਰਕੇ ਉਹ ਪ੍ਰੈੱਸ ਨੂੰ ਨਹੀਂ ਮਿਲੇ। ਇਕੱਤਰ ਹੋਈਆਂ ਇਨ੍ਹਾਂ ਔਰਤਾਂ ਨੇ ਕਿਹਾ ਕਿ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ਼ ਮੋਰਚਾ ਜਿੱਤ ਕੇ ਘਰ ਵਾਪਸ ਨਹੀਂ ਆ ਜਾਂਦੇ ਉਨ੍ਹਾਂ ਚਿਰ ਉਹ ਕੋਈ ਤਿਉਹਾਰ ਨਹੀਂ ਮਨਾਉਂਣਗੇ। ਕਮਲਜੀਤ ਕੌਰ ’ਤੇ ਬਲਜੀਤ ਕੌਰ ਨੇ ਕਿਹਾ ਕਿ ਜਿਸ ਦਿਨ ਡੱਲੇਵਾਲ਼ ਸਾਹਿਬ ਦੀ ਸਿਹਤ ਜ਼ਿਆਦਾ ਵਿਗੜੀ ਹੈ ਉਸ ਦਿਨ ਪਿੰਡ ਵਿੱਚੋਂ ਸੰਗਤ ਦੀ ਬੱਸ ਭਰ ਕੇ ਉਹ ਖ਼ਨੌਰੀ ਬਾਰਡਰ ਲਈ ਜਾ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦੀ ਬੱਸ ਨਾਲ਼ ਟਰੱਕ ਟਕਰਾ ਗਿਆ ਜਿਸ ਨਾਲ਼ ਬੱਸ ’ਚ ਸਵਾਰ ਪਿੰਡ ਦੇ ਕੁਝ ਵਿਅਕਤੀ ਅਤੇ ਔਰਤਾਂ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਕਿ ਹਸਪਤਾਲ ਦਾਖ਼ਲ ਕਰਾਉਣਾ ਪਿਆ।
ਜਗਜੀਤ ਸਿੰਘ ਡੱਲੇਵਾਲ਼ ਦੇ ਘਰ ਇਕੱਤਰ ਹੋਈਆਂ ਇੰਨ੍ਹਾਂ ਔਰਤਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਰਕਾਰਾਂ ਪਤਾ ਨਹੀਂ ਕੀ ਚਾਹੁੰਦੀਆਂ ਨੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀਆਂ। ਇਨ੍ਹਾਂ ਔਰਤਾਂ ’ਚ ਸ਼ਾ੍ਮਲ ਸ਼ਾਮ ਕੌਰ, ਗੁਰਪਾਲ ਕੌਰ, ਸੁਖਦੀਪ ਕੌਰ, ਮਨਜੀਤ ਕੌਰ ਨੇ ਕਿਹਾ ਕਿ ਉਹ ਹਰ ਰੋਜ਼ ਅਰਦਾਸ ਕਰਦੀਆਂ ਹਨ ਕਿ ਜਗਜੀਤ ਸਿੰਘ ਡੱਲੇਵਾਲ਼ ਜਲਦੀ ਮੋਰਚਾ ਜਿੱਤ ਕੇ ਵਾਪਸ ਆਉਣ। ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਡੱਲੇਵਾਲ਼ ਨੂੰ ਕੁਝ ਹੁੰਦਾ ਹੈ ਤਾਂ ਉਨ੍ਹਾਂ ਦਾ ਸਾਰਾ ਪਿੰਡ ਹੀ ਮਰਨ ਵਰਤ ’ਤੇ ਬੈਠ ਜਾਵੇਗਾ ਜਿਸਦੀਆਂ ਜ਼ਿੰਮੇਵਾਰ ਸਰਕਾਰਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਡੱਲੇਵਾਲ਼ ਹਰ ਫ਼ਿਰਕੇ ਦੀ ਲੜਾਈ ਲੜ ਰਹੇ ਹਨ ਪਰ ਕੁਝ ਵਿਅਕਤੀ ਉਨ੍ਹਾਂ ਦਾ ਅਕਸ਼ ਖ਼ਰਾਬ ਕਰਨਾ ਚਾਹੁੰਦੇ ਹਨ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਸੰਨਾਟਾ ਪੱਸਰਿਆ ਹੋਇਆ ਹੈ ਅਤੇ ਕਿਸੇ ਵੀ ਗਲ਼ੀ ਵਿੱਚ ਕੋਈ ਨਜ਼ਰ ਨਹੀਂ ਆਉਂਦਾ ਡੱਲੇਵਾਲ਼ ਦੀ ਹਰਮਨ ਪਿਆਰਤਾ ਦਾ ਇੱਥੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਇਸ ਸਮੇਂ ਕੁਲਵਿੰਦਰ ਕੌਰ, ਕੁਲਵੰਤ ਕੌਰ, ਨਸੀਬ ਕੌਰ, ਗੁਰਦੇਵ ਕੌਰ, ਸ਼ਿੰਦਰ ਕੌਰ ਅਤੇ ਪਰਵਿੰਦਰ ਕੌਰ ਆਦਿ ਔਰਤਾਂ ਨੇ ਕਿਹਾ ਕਿ ਪਿੰਡ ਵਿੱਚ ਭਾਈਚਾਰਕ ਸਾਝ ਬਰਕਰਾਰ ਹੈ। ਉਨ੍ਹਾਂ ਨੂੰ ਵਾਹਿਗੁਰੂ ’ਤੇ ਭਰੋਸਾ ਹੈ ਕਿ ਉਹ ਜਗਜੀਤ ਸਿੰਘ ਡੱਲੇਵਾਲ਼ ਨੂੰ ਮੋਰਚਾ ਫ਼ਤਹਿ ਕਰਾਕੇ ਚੜ੍ਹਦੀ ਕਲਾ ’ਚ ਘਰ ਭੇਜਣਗੇ।