ਲੁਧਿਆਣਾ : ਅਣਅਧਿਕਾਰਤ ਕਲੋਨੀਆਂ ਖਿਲਾਫ਼ ਸ਼ੁਰੂ ਕੀਤੀ ਕਾਰਵਾਈ ਤਹਿਤ ਥਾਣਾ ਜਮਾਲਪੁਰ ਪੁਲਿਸ ਵੱਲੋਂ ਪਿੰਡ ਭੋਲਾਪੁਰ ਦੀਆਂ ਦੋ ਅਣ ਅਧਿਕਾਰਤ ਕਲੋਨੀਆਂ ਖਿਲਾਫ਼ ਪੁਡਾ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋਨੋਂ ਹੀ ਮਾਮਲੇ ਗਲਾਡਾ ਵਿਭਾਗ ਦੇ ਜੂਨੀਅਰ ਇੰਜੀਨੀਅਰ ਰੈਗੂਲੇਟਰੀ ਜਸਵੀਰ ਸਿੰਘ ਦੇ ਬਿਆਨ ਉੱਪਰ ਦਰਜ ਕੀਤੇ ਹਨ।ਜੂਨੀਅਰ ਇੰਜੀਨੀਅਰ ਜਸਵੀਰ ਸਿੰਘ ਮੁਤਾਬਕ ਪਿੰਡ ਭੋਲਾਪੁਰ ਅਧੀਨ ਰਕਬੇ ਵਿੱਚ ਕਰੀਬ ਚਾਰ ਚਾਰ ਏਕੜ ਦੀਆਂ ਦੋ ਅਨਅਧਿਕਾਰਤ ਢੰਗ ਨਾਲ ਉਸਾਰੀਆਂ ਜਾ ਰਹੀਆਂ ਕਲੋਨੀਆਂ ਕੱਟਣ ਦੇ ਮਾਮਲੇ ਵਿੱਚ ਥਾਣਾ ਜਮਾਲਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਗਲਾਡਾ ਅਧਿਕਾਰੀਆਂ ਮੁਤਾਬਕ ਪਿੰਡ ਭੋਲਾਪੁਰ ਵਿਖੇ ਉਸਾਰੀਆਂ ਜਾ ਰਹੀਆਂ ਕਲੋਨੀਆਂ ਬਾਰੇ ਜਾਣਕਾਰੀ ਮਿਲਣ ਮਗਰੋਂ ਵਿਭਾਗ ਵੱਲੋਂ ਸਮੇਂ ਸਮੇਂ ’ਤੇ ਵਿਭਾਗੀ ਨੋਟਿਸ ਜਾਰੀ ਕਰ ਕੇ ਸਬੰਧਤ ਦਸਤਾਵੇਜ਼ ਮੰਗੇ ਗਏ ਸਨ। ਉਕਤ ਦੋਨਾਂ ਹੀ ਕਲੋਨੀਆਂ ਦੇ ਮਾਮਲੇ ਵਿੱਚ ਵਿਭਾਗ ਕੋਲੋਂ ਕਲੋਨਾਈਜ਼ਰ ਵੱਲੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ ਸੀ। ਇਸ ਲਈ ਵਾਰ-ਵਾਰ ਜਵਾਬ ਮੰਗਣ ਦੇ ਬਾਵਜੂਦ ਉਨ੍ਹਾਂ ਦਸਤਾਵੇਜ ਪੇਸ਼ ਨਹੀਂ ਕੀਤੇ। ਉਨ੍ਹਾਂ ਇਸ ਸਬੰਧੀ ਥਾਣਾ ਜਮਾਲਪੁਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।