ਅੰਮ੍ਰਿਤਸਰ: ਬੀਤੀ 2 ਅਗਸਤ ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਘਰ ਦੀ ਰਸੋਈ ਵਿਚ ਸ਼ਰਧਾਲੂ ਬਲਬੀਰ ਸਿੰਘ 46 ਵਾਸੀ ਪਿੰਡ ਲੋਹਲ, ਧਾਲੀਵਾਲ ਉਬਲਦੀ ਸਬਜ਼ੀ ਦੇ ਕੜਾਹੇ ਵਿਚ ਪੈਰ ਫਿਸਲਣ ਕਾਰਨ ਡਿੱਗ ਗਿਆ ਸੀ। ਜਿਸ ਦੀ ਸ਼ੁੱਕਰਵਾਰ ਦੇਰ ਰਾਤ ਜੇਰੇ ਇਲਾਜ ਮੌਤ ਹੋ ਗਈ। ਉਬਲਦੀ ਸਬਜ਼ੀ ਦੇ ਕੜਾਹੇ ਵਿਚ ਡਿਗਣ ਕਾਰਨ 70 ਫੀਸਦੀ ਝੁਲਸਣ ਕਾਰਨ ਗੰਭੀਰ ਜ਼ਖ਼ਮੀ ਹੋਏ ਬਲਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿਚ ਇਲਾਜ ਅਧੀਨ ਬਲਬੀਰ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਧਾਲੀਵਾਲ ਨੇੜਲੇ ਪਿੰਡ ਲੋਹਲ ਦਾ ਵਸਨੀਕ ਪਿਛਲੇ ਕਈ ਸਾਲਾਂ ਤੋਂ ਲੰਗਰ ਹਾਲ(Langar hall) ਵਿਚ ਸੇਵਾ ਕਰਨ ਲਈ ਆ ਰਿਹਾ ਸੀ। ਬੀਤੀ 2 ਅਗਸਤ ਦੀ ਰਾਤ ਉਹ ਲੰਗਰ ਵਿਚ ਸੇਵਾ ਕਰ ਰਿਹਾ ਸੀ, ਜਦੋਂ ਉਹ ਇਕ ਵੱਡੇ ਕੜਾਹੇ ਵਿੱਚ ਆਲੂ ਉਬਾਲਣ ਲਈ ਗਰਮ ਪਾਣੀ ਸਾਫ ਕਰ ਰਿਹਾ ਸੀ ਤਾਂ ਉਹ ਅਚਾਨਕ ਤਿਲਕ ਗਿਆ ਅਤੇ ਗਰਮ ਪਾਣੀ ਦੇ ਕੜਾਹੇ ਵਿਚ ਡਿੱਗ ਗਿਆ ਸੀ। ਉਸ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗਰਮ ਪਾਣੀ ਵਿਚ ਡਿੱਗਣ ਕਾਰਨ ਉਕਤ ਸ਼ਰਧਾਲੂ ਦਾ 70 ਫੀਸਦੀ ਦੇ ਕਰੀਬ ਸਰੀਰ ਝੁਲਸ ਗਿਆ ਸੀ। ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ(Harjinder Dhami) ਨੇ ਹਸਪਤਾਲ ਜਾ ਕੇ ਜੇਰੇ ਇਲਾਜ ਬਲਬੀਰ ਸਿੰਘ ਦਾ ਹਾਲ ਜਾਣਿਆ ਸੀ ਅਤੇ ਡਾਕਟਰਾਂ ਨੂੰ ਹਰ ਸੰਭਵ ਇਲਾਜ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।