ਮੋਗਾ/ ਬਟਾਲਾ/ ਅੰਮ੍ਰਿਤਸਰ/ ਗੁਰਦਾਸਪੁਰ: ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਅਧੀਨ ਕਸਬਾ ਸਮਾਲਸਰ ਵਿਖੇ ਅੱਜ ਤੜਕਸਾਰ NIA ਵੱਲੋਂ ਰੇਡ ਕੀਤੀ ਗਈ ਹੈ। ਇਸ ਮੌਕੇ ਐਨ.ਆਈ.ਏ. ਦੀ ਟੀਮ ਵਿਚ ਐਸ.ਪੀ. ਪੱਧਰ ਦੇ ਅਧਿਕਾਰੀ ਵਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ ਤੇ ਦਿੱਲੀ ਤੋਂ ਪਹੁੰਚੀ ਟੀਮ ਦੇ ਨਾਲ ਸਮਾਲਸਰ ਤੋਂ ਪੁਲਿਸ ਮੁਲਾਜ਼ਮ ਨਾਲ ਪਹੁੰਚੇ ਹਨ।ਮਿਲੀ ਜਾਣਕਾਰੀ ਮੁਤਾਬਕ ਕਵੀਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਐਨ ਆਈ ਏ ਨੇ ਰੇਡ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੱਖਣ ਸਿੰਘ ਮੁਸਾਫਰ ਕਵੀਸ਼ਰ ਹੈ ਜੋ ਕਿ ਉਹ ਘਰ ਵਿੱਚ ਮੌਜੂਦ ਨਹੀਂ ਹੈ। ਉਨ੍ਹਾਂ ਦੇ ਘਰ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਦੇ ਲੋਕ ਘਰ ਦੇ ਵਿੱਚ ਮੌਜੂਦ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਅਜੇ ਤੱਕ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿ ਕਿਸ ਗੱਲ ਨੂੰ ਲੈ ਕੇ ਮੱਖਣ ਸਿੰਘ ਮੁਸਾਫਰ ਕਵੀਸ਼ਰ ਦੇ ਘਰ ਰੇਡ ਕੀਤੀ ਗਈ ਹੈ । NIA ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਿਸ ਮਾਮਲੇ ਵਿਚ ਹੋਈ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਜਾਂਚ ਕਰਨ ਪੁੱਜੀ ਟੀਮ ਦੇ ਅਧਿਕਾਰੀਆਂ ਵਲੋਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਜਾਂਚ ਚੱਲ ਰਹੀ ਸੀ।
ਬਟਾਲਾ ਦੇ ਘੁਮਾਣ ਸਮੇਤ ਤਿੰਨ ਹੋਰ ਥਾਵਾਂ ਤੇ ਐਨਆਈਏ ਦੀ ਛਾਪੇਮਾਰੀ
ਸ਼ੁੱਕਰਵਾਰ ਦੀ ਸਵੇਰ ਨੂੰ ਬਟਾਲਾ ਦੇ ਨਜ਼ਦੀਕੀ ਕਸਬਾ ਘੁਮਾਣ ਮਚਰਾਵਾਂ ਅਤੇ ਪਿੰਡ ਭਾਮ 'ਚ ਇੱਕੋ ਸਮੇਂ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਛਾਪੇਮਾਰੀ ਸਬੰਧੀ ਕੋਈ ਵੀ ਵੇਰਵਾ ਪ੍ਰਾਪਤ ਨਹੀਂ ਹੋਇਆ। ਜਾਣਕਾਰੀਆਂ ਅਨੁਸਾਰ ਐਨਆਈਏ ਦੀ ਟੀਮ ਵੱਲੋਂ ਉਕਤ ਤਿੰਨਾਂ ਥਾਵਾਂ ਤੇ ਘਰਾਂ ਅੰਦਰ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੇ ਘਰਾਂ 'ਚ ਹੋਈ ਹੈ, ਹਾਲਾਂਕਿ ਅਧਿਕਾਰਤ ਤੌਰ 'ਤੇ ਪੁਲਿਸ ਅਤੇ ਨਾ ਹੀ ਐਨਆਈਏ ਦੀ ਟੀਮ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ।
ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਕਸਬਾ ਘੁਮਾਣ ਵਿਖੇ ਅੱਜ ਸਵੇਰੇ ਤੜਕਸਾਰ ਤਕਰੀਬਨ 5 ਵਜੇ ਕਰੀਬ NIA ਦੇ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਸਮੇਤ ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ (ਕੋਟਲੀ) ਹਾਲ ਵਾਸੀ ਘੁਮਾਣ ਵਿੱਚ ਰੇਡ ਕੀਤੀ ਗਈ। NIA ਦੀ ਟੀਮ ਵਿਚ ਐਸਪੀ ਪੱਧਰ ਦੇ ਅਧਿਕਾਰੀ ਵੱਲੋਂ ਇਸ ਦੀ ਅਗਵਾਈ ਕੀਤੀ ਜਾ ਰਹੀ ਹੈ। ਦਿੱਲੀ ਤੋਂ ਪਹੁੰਚੀ ਟੀਮ ਦੇ ਨਾਲ ਗੁਰਦਾਸਪੁਰ ਤੋਂ ਪੁਲਿਸ ਮੁਲਾਜ਼ਮ ਨਾਲ ਪਹੁੰਚੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਦਾ ਸਾਲਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦਾ ਜੀਜਾ ਹੈ। ਜਾਂਚ ਕਰਨ ਵਾਲੀ ਟੀਮ ਦੇ ਅਧਿਕਾਰੀਆਂ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਾਂਚ ਅਜੇ ਜਾਰੀ ਹੈ।
ਰਾਜਪੁਰਾ ਦੇ ਪਿੰਡ ਕੁੱਥਾ ਖੇੜੀ 'ਚ ਗ੍ਰੰਥੀ ਸਿੰਘ ਦੇ ਘਰ NIA ਨੇ ਕੀਤੀ ਰੇਡ
ਰਾਜਪੁਰਾ ਨੇੜਲੇ ਪਿੰਡ ਕੁੱਥਾ ਖੇੜੀ ਦੇ ਵਸਨੀਕ ਇੱਕ ਗ੍ਰੰਥੀ ਸਿੰਘ ਦੇ ਘਰ ਅੱਜ ਤੜਕੇ ਐਨਆਈਏ ਦੀ ਟੀਮ ਵੱਲੋਂ ਰੇਡ ਕੀਤੀ ਗਈ। ਇਸ ਮੌਕੇ ਐਨਆਈਏ ਦੀ ਟੀਮ ਦੇ ਨਾਲ ਪੰਜਾਬ ਪੁਲਿਸ ਦੀ ਟੀਮ ਵੀ ਘਰ ਦੇ ਬਾਹਰ ਪਹਿਰਾ ਦੇ ਰਹੀ ਸੀ। ਸੂਤਰਾਂ ਅਨੁਸਾਰ ਗ੍ਰੰਥੀ ਸਿੰਘ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਾਂ ਅਤੇ ਇੱਥੋਂ ਵਿਦੇਸ਼ ਜਾਣ ਵਾਲੇ ਪਰਿਵਾਰਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਲਈ ਘਰ ਵਿੱਚ ਹੀ ਆਖੰਡ ਪਾਠ ਸਾਹਿਬ ਆਰੰਭ ਕਰਾ ਕੇ ਉਸਦੇ ਭੋਗ ਪਾਉਂਦੇ ਹਨ। ਜਿਸ ਕਰਕੇ ਗ੍ਰੰਥੀ ਸਿੰਘ ਦੇ ਖਾਤੇ ਵਿੱਚ ਵਿਦੇਸ਼ਾਂ ਤੋਂ ਵੀ ਜਿਹੜੇ ਪਰਿਵਾਰਾਂ ਦੇ ਕੰਮ ਕਾਜ ਸਫਲ ਹੋ ਜਾਂਦੇ ਹਨ। ਉਨ੍ਹਾਂ ਵੱਲੋਂ ਕਰੰਸੀ ਪਾਈ ਜਾਂਦੀ ਹੈ ਜਿਸ ਦੇ ਚਲਦਿਆਂ ਐਨਆਈਏ ਵੱਲੋਂ ਸ਼ੱਕ ਦੇ ਆਧਾਰ ਤੇ ਗ੍ਰੰਥੀ ਸਿੰਘ ਦੇ ਘਰ ਰੇਡ ਕਰਕੇ ਦਸਤਾਵੇਜਾਂ ਦੀ ਜਾਂਚ ਕੀਤੀ ਜਾ ਰਹੀ ਅਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਕਿ ਵਿਦੇਸ਼ਾਂ ਤੋਂ ਆਉਂਦੇ ਪੈਸਿਆਂ ਦਾ ਸਬੰਧ ਕਿਸੇ ਵਿਸ਼ੇਸ਼ ਮਕਸਦ ਦੇ ਨਾਲ ਤਾਂ ਨਹੀਂ ਜੁੜਿਆ ਹੋਇਆ। ਖਬਰ ਲਿਖੇ ਜਾਣ ਤੱਕ ਐਨਆਈਏ ਦੀ ਰੇਡ ਜਾਰੀ ਸੀ।
ਖਾਲਿਸਤਾਨ ਸਮਰਥਕ ਤੇ ਐਮਪੀ ਅੰਮ੍ਰਿਤਪਾਲ ਦੇ ਜੀਜਾ ਤੇ ਚਾਚੇ ਦੇ ਘਰ ਛਾਪਾ
ਡਿਬਰੂਗੜ੍ਹ ਜੇਲ੍ਹ 'ਚ ਬੰਦ ਖਾਲਿਸਤਾਨ ਸਮਰਥਕ ਤੇ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਜੀਜਾ ਅਤੇ ਚਾਚਾ ਪਰਗਟ ਸਿੰਘ ਦੇ ਘਰ ਛਾਪਾ ਮਾਰਿਆ ਹੈ। ਜੀਜਾ ਮਹਿਤਾ ਅਤੇ ਪ੍ਰਗਟ ਸਿੰਘ ਰਈਆ ਦੇ ਫੇਰੂਮਾਨ ਰੋਡ ’ਤੇ ਰਹਿੰਦੇ ਹਨ। ਪਤਾ ਲੱਗਾ ਹੈ ਕਿ ਜਾਂਚ ਏਜੰਸੀ ਨੇ ਦੋਵਾਂ ਦੇ ਘਰਾਂ ਤੋਂ ਡੀਵੀਆਰ, ਲੈਪਟਾਪ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। NIA ਨੂੰ ਸ਼ੱਕ ਹੈ ਕਿ ਉਹ ਦੋਵੇਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਦੱਸ ਦੇਈਏ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਸਮੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਵਿੱਚ ਰਹਿੰਦਿਆਂ ਹੀ ਉਸ ਨੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤ ਵੀ ਪ੍ਰਾਪਤ ਕੀਤੀ।