ਬਰਨਾਲਾ, 13 ਸਤੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵੱਲੋਂ ਗੁਰੂਦੁਆਰਾ ਬਾਬਾ ਗਾਂਧਾ ਸਿੰਘ ਦੀ ਮਾਲਕੀ ਦੀਆਂ ਦੁਕਾਨਾਂ ਦਾ ਕਿਰਾਇਆ ਨਾ ਮਿਲਣ ਕਾਰਨ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਜਿੰਦੇ ਜੜ ਦਿੱਤੇ, ਜਿਸ ਦੇ ਵਿਰੋਧ ਵਿੱਚ ਦੁਕਾਨਦਾਰਾਂ ਨੇ ਰੋਡ ਜਾਮ ਕਰਕੇ ਧਰਨਾ ਲਾ ਦਿੱਤਾ। ਜਿਕਰਯੋਗ ਹੈ ਕਿ ਸ਼ੁਕਰਵਾਰ ਸਵੇਰੇ ਜਦੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਤਾਂ ਐਸਜੀਪੀਸੀ ਦੇ 150/200 ਹਥਿਆਰਬੰਦ ਵਿਅਕਤੀਆਂ ਨੇ ਦੁਕਾਨਾਂ ’ਤੇ ਹਮਲਾ ਬੋਲ ਦਿੱਤਾ ਅਤੇ ਦੁਕਾਨਾਂ ਨੂੰ ਜਿੰਦੇ ਲਗਾ ਦਿੱਤੇ, ਜਿਸ ਦਾ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕਰਕੇ ਪੂਰਨ ਤੌਰ ’ਤੇ ਵਿਰੋਧ ਕੀਤਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾ ਕੇ ਉਹਨਾਂ ਨਾਲ ਗੁੰਡਾਗਰਦੀ ਕੀਤੀ ਗਈ ਹੈ ਇਥੋਂ ਤੱਕ ਕਿ ਉਹਨਾਂ ਦੀ ਦੁਕਾਨਾਂ ਦੇ ਸ਼ਟਰ ਤੋੜਕੇ ਅੰਦਰ ਆ ਕੇ ਵੀ ਭੰਨਤੋੜ ਕੀਤੀ ਗਈ ਹੈ। ਜਿਸ ਦੇ ਚਲਦਿਆਂ ਉਹ ਐਸਜੀਪੀਸੀ ਦੀ ਇਹ ਗੁੰਡਾਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੇ ਮੈਂਬਰ, ਮੁਲਾਜਮਾਂ ਅਤੇ ਨਾਲ ਆਏ ਸੈਂਕੜੇ ਅਣਪਛਾਤੇ ਹਥਿਆਰਬੰਦ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਐਡਵੋਕੇਟ ਬਲਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਦੁਕਾਨਾਂ ’ਚ ਹੁਣ ਐਸਜੀਪੀਸੀ ਦਾ ਕੋਈ ਲੈਣ ਦਾ ਨਹੀਂ ਹੈ,ਉਹ ਕੋਰਟ ’ਚੋਂ ਵੀ ਕੇਸ ਹਾਰ ਚੁੱਕੇ ਹਨ। ਇਸ ਦੇ ਬਾਵਜੂਦ ਵੀ ਉਹ ਦੁਕਾਨਦਾਰਾਂ ਤੋਂ ਬਿਨਾਂ ਵਜ੍ਹਾ ਡਰਾ ਧਮਕਾ ਕੇ ਕਿਰਾਇਆ ਵਸੂਲ ਕਰ ਰਹੇ ਹਨ। ਦੱਸ ਦੇਈਏ ਕਿ ਪੱਤਰਕਾਰਾਂ ਦੇ ਸਵਾਲਾਂ ਤੋਂ ਤੈਸ਼ ’ਚ ਆਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਵਿਜੇ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਾਂ ਸਿੱਧਾ ਜੱਟ ਪੁਣਾ ਜਾਣਦੇ ਹਾਂ ਅਸੀਂ ਦੁਕਾਨਾਂ ਨੂੰ ਜਿੰਦੇ ਲਾ ਦਿੱਤੇ ਹਨ, ਜੀਹਨੇ ਜੋ ਕਰਨਾ ਹੈ ਕਰ ਲਵੇ। ਜਿਕਰਯੋਗ ਹੈ ਕਿ ਸ੍ਰੋਮਣੀ ਕਮੇਟੀ ਨੇ ਡੇਰੇ ਦੀ ਜਾਇਦਾਦ ਦੇ ਮਾਮਲੇ ਵਿੱਚ ਅਤੇ ਡੇਰਾ ਗੁਰਦੁਆਰਾ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚੋਂ ਕੇਸ ਵਾਪਸ ਲੈਕੇ ਆਪਣੀ ਦਾਹਵੇਦਾਰੀ ਛੱਡ ਦਿੱਤੀ ਹੈ,ਫਿਰ ਪਤਾ ਨਹੀ ਕਿਸ ਅਧਾਰ ਤੇ ਸ੍ਰੋਮਣੀ ਕਮੇਟੀ ਮੁੜ ਦੁਕਾਨਾਂ ਦਾ ਕਬਜਾ ਅਤੇ ਕਿਰਾਇਆ ਲੈਣ ਲਈ ਸਰਗਰਮ ਹੋ ਗਈ ਹੈ।
ਪਿਛਲੇ ਦਿਨਾਂ ਵਿੱਚ ਇਸ ਸਬੰਧ ਵਿੱਚ ਉਹਨਾਂ ਵੱਲੋਂ ਇੱਕ ਮਹੰਤ ਸੁਰਜੀਤ ਸਿੰਘ ਦੇ ਦਸਤਖਤਾਂ ਵਾਲਾ ਪੱਤਰ ਵੀ ਦੁਕਾਨਦਾਰਾਂ ਤੱਕ ਪਹੁੰਚਾਇਆ ਗਿਆ ਸੀ,ਜਿਸ ਵਿੱਚ ਸਰੋਮਣੀ ਕਮੇਟੀ ਦੇ ਇਸ ਸੁਪਰੀਮ ਕੋਰਟ ਵਿੱਚ ਦਾਹਵੇਦਾਰੀ ਛੱਡਣ ਦੀਗੱਲ ਕਹਿ ਕੇ ਕਿਰਾਇਆ ਮਹੰਤ ਸੁਰਜੀਤ ਸਿੰਘ ਨੂੰ ਦੇਣ ਬਾਰੇ ਲਿਖਿਆ ਹੋਇਆ ਹੈ,ਪਰ ਅੱਜ ਸਕੱਤਰ ਵਿਜੇ ਸਿੰਘ ਦੀ ਅਗਵਾਈ ਵਿੱਚ ਅਚਾਨਕ ਸੈਕੜੇ ਹਥਿਆਰਬੰਦ ਵਿਅਕਤੀਆਂ ਨਾਲ ਦੁਕਾਨਾਂ ਤੇ ਬੋਲਿਆ ਗਿਆ ਹੱਲਾ ਬਹੁਤ ਸਾਰੇ ਨਵੇਂ ਸਵਾਲ ਖੜੇ ਕਰਦਾ ਹੈ।ਜਦੋਕਿ ਮਹੰਤ ਪਿਆਰਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਰੋਮਣੀ ਕਮੇਟੀ ਅਤੇ ਦੂਜੇ ਧੜੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਕੰਟੈਪਟ ਵੀ ਪਾਈ ਗਈ ਹੈ,ਪਰੰਤੂ ਇਸ ਦੇ ਦਰਮਿਆਨ ਹੀ ਇਹ ਨਵੀ ਘਟਨਾ ਸਾਹਮਣੇ ਆ ਗਈ ਹੈ।ਹੁਣ ਦੇਖਣਾ ਹੋਵੇਗਾ ਕਿ ਇਸ ਤੇ ਸੁਪਰੀਮ ਕੋਰਟ ਦਾ ਕਿਹੋ ਜਿਹਾ ਪ੍ਰਤੀਕਰਮ ਸਾਹਮਣੇ ਆਵੇਗਾ।
-ਬਾਕਸ ਨਿਊਜ--
ਦੁਕਾਨਦਾਰਾਂ ਦੇ ਹੱਕ ’ਚ ਆਏ ਕਾਂਗਰਸੀ ਆਗੂ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਕਿਰਾਇਆ ਲੈਣਾ ਸੀ ਤਾਂ ਉਹ ਦੁਕਾਨਦਾਰਾਂ ਨੂੰ ਕੋਈ ਕਾਨੂੰਨੀ ਦਸਤਾਵੇਜ ਦਿਖਾਉਂਦੇ ਉਹ ਉਨ੍ਹਾਂ ਨੂੰ ਕਿਰਾਇਆ ਦੇ ਦਿੰਦੇ, ਪਰੰਤੂ ਇਸ ਤਰ੍ਹਾਂ 150/200 ਹਥਿਆਰਬੰਦ ਵਿਅਕਤੀਆਂ ਵੱਲੋਂ ਦੁਕਾਨਦਾਰਾਂ ’ਤੇ ਹਮਲਾ ਕਰਨਾ ਤਾਂ ਗੁੰਡਾਗਰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ’ਚ ਮੂਕ ਦਰਸ਼ਕ ਬਣਿਆ ਹੋਇਆ ਹੈ ਅਤੇ ਵਪਾਰੀਆਂ ’ਚ ਅਸਰੁੱਖਿਆ ਦੀ ਭਾਵਨਾ ਹੈ, ਕਿਉਂਕਿ ਉਹ ਕਿਤੇ ਵੀ ਸੁਰੱਖਿਅਤ ਨਹੀਂ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ ਅਤੇ ਬਾਜਾਰ ਬੰਦ ਕਰਵਾਉਣਗੇ, ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਹਥਿਆਰਬੰਦ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਜਾਵੇ, ਜਿਨ੍ਹਾਂ ਵੱਲੋਂ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਗਿਆ ਹੈ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਸੂਰਤ ਸਿੰਘ ਬਾਜਵਾ ਤੋਂ ਇਲਾਵਾ ਬੱਸ ਅੱਡੇ ਦੇ ਦੁਕਾਨਦਾਰ ਹਾਜਰ ਸਨ।
-ਬਾਕਸ ਨਿਊਜ—
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਵਿਜੇ ਸਿੰਘ ਨੇ ਕਿਹਾ ਕਿ ਜੇਕਰ ਦੁਕਾਨਦਾਰ ਸ਼੍ਰੋਮਣੀ ਕਮੇਟੀ ਨੂੰ ਕਿਰਾਇਆ ਦਿੰਦੇ ਹਨ, ਤਾਂ ਉਹ ਦੁਕਾਨਦਾਰਾਂ ਨਾਲ ਮਾਨ ਸਨਮਾਨ ਨਾਲ ਪੇਸ਼ ਆਉਣਗੇ, ਨਹੀਂ ਤਾਂ ਕਾਰਵਾਈ ਕਰਨਗੇ।
-ਬਾਕਸ ਨਿਊਜ—
ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਰਾ ਬਾਬਾ ਗਾਂਧਾ ਸਿੰਘ ਦਾ ਦੁਕਾਨਾਂ ਦੇ ਕਿਰਾਏ ਨੂੰ ਲੈ ਕੇ ਆਪਸੀ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਦੁਕਾਨਾਂ ਬੱਸ ਸਟੈਂਡ ਦੇ ਆਸ ਪਾਸ ਦੇ ਦੁਕਾਨਦਾਰਾਂ ਨੂੰ ਲੀਜ ’ਤੇ ਦਿੱਤੀਆਂ ਗਈਆਂ ਸਨ, ਜਿਸਦੇ ਕਿਰਾਏ ਨੂੰ ਲੈ ਕੇ ਹੀ ਅੱਜ ਇਹ ਵਿਵਾਦ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀ ਆਪਸੀ ਮੀਟਿੰਗ ਕਰਵਾਕੇ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੁਕਾਨਦਾਰ ਅਤੇ ਸ੍ਰੋਮਣੀ ਕਮੇਟੀ ਨੂੰ ਅਲੱਗ ਅਲੱਗ ਕਰ ਦਿੱਤਾ ਗਿਆ ਹੈ, ਦੋਵੇਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ, ਪਰੰਤੂ ਜੇਕਰ ਫਿਰ ਵੀ ਕਿਸੇ ਨੇ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਸਿਟੀ-1 ਦੇ ਮੁੱਖ ਅਫਸਰ ਇੰਸਪੈਕਟਰ ਲਖਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚੇ ਹੋਏ ਸਨ।