ਚੰਡੀਗੜ੍ਹ : ਸਿਰਫ਼ 1500 ਰੁਪਏ ਰਿਸ਼ਵਤ ਲੈਂਦੇ ਫੜੇ ਗਏ ਅਕਾਊਂਟੈਂਟ ਜਨਰਲ ਪੰਜਾਬ ਦਫਤਰ ਦੇ ਅਕਾਊਂਟੈਂਟ ਗੁਰਦੀਪ ਸਿੰਘ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਉਸ ਨੂੰ ਅਦਾਲਤ ਨੇ 10 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਗੁਰਦੀਪ ਨੂੰ ਸੀਬੀਆਈ ਨੇ ਅੱਠ ਸਾਲ ਪਹਿਲਾਂ ਏ.ਜੀ. ਪੰਜਾਬ ਦਫਤਰ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਦੋਂ ਉਸ ਦੇ ਵਿਆਹ ਨੂੰ ਸਿਰਫ ਚਾਰ ਦਿਨ ਰਹਿੰਦੇ ਸਨ। ਉਸ ਨੂੰ ਸੱਤ ਅਕਤੂਬਰ 2016 ਨੂੰ ਸੀਬੀਆਈ ਨੇ ਫੜਿਆ ਸੀ ਤੇ 11 ਅਕਤੂਬਰ 2016 ਨੂੰ ਉਸ ਦਾ ਵਿਆਹ ਸੀ। ਬਾਅਦ ਵਿਚ ਵਿਆਹ ਲਈ ਉਸ ਨੂੰ ਅਦਾਲਤ ਨੇ ਜ਼ਮਾਨਤ ਵੀ ਦੇ ਦਿੱਤੀ ਸੀ। ਗੁਰਦੀਪ ਸਿੰਘ ਨੈਸ਼ਨਲ ਹਾਕੀ ਖਿਡਾਰੀ ਵੀ ਰਿਹਾ ਹੈ। ਉਸ ਨੂੰ ਅਦਾਲਤ ਨੇ ਛੇ ਤਸੰਬਰ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਸੀ ਤੇ ਸ਼ੁੱਕਰਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ ਹੈ।ਸੀਬੀਆਈ ਨੂੰ ਜੇਲ੍ਹ ਵਿਚ ਵਾਰਡਰ ਰਹੇ ਕੇਸਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਕੇਸਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਘਰ ਬਣਾਉਣ ਵਈ ਤਿੰਨ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਹੜਾ ਕਿ ਉਹ ਮੋੜ ਚੁੱਕਾ ਸੀ। ਉਸ ਨੇ ਬਿਮਾਰੀ ਦੇ ਕਾਰਨ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਸੇਵਾਮੁਕਤੀ ਲੈ ਲਈ ਸੀ। ਇਸ ਦੇ ਬਾਅਦ ਉਸ ਨੇ ਆਪਣੇ ਕਰਜ਼ੇ ਦੀ ਐੱਨਓਸੀ ਏ.ਜੀ. ਪੰਜਾਬ ਦਫਤਰ ਤੋਂ ਲੈਣੀ ਸੀ। ਉਸ ਨੇ ਅਕਾਊਂਟੈਂਟ ਗੁਰਦੀਪ ਸਿੰਘ ਨਾਲ ਸੰਪਰਕ ਕੀਤਾ। ਗੁਰਦੀਪ ਨੇ ਐੱਨਓਸੀ ਦੀ ਫਾਈਲ ਕਲੀਅਰ ਕਰਨ ਬਦਲੇ 1500 ਰੁਪਏ ਦੀ ਰਿਸ਼ਵਤ ਮੰਗੀ। ਅਜਿਹੇ ਵਿਚ ਕੇਸਰ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦੇ ਦਿੱਤੀ। ਸੀਬੀਆਈ ਨੇ ਫਿਰ ਗੁਰਦੀਪ ਨੂੰ ਫੜਨ ਲਈ ਜਾਲ ਵਿਛਾਇਆ। ਗੁਰਦੀਪ ਦਾ ਦਫਤਰ ਪੰਜਵੀਂ ਮੰਜ਼ਿਲ ’ਤੇ ਸੀ ਪਰ ਉਹ ਰਿਸ਼ਵਤ ਲੈਣ ਬੇਸਮੈਂਟ ਵਿਚ ਆਇਆ ਜਿਸ ਦੇ ਬਾਅਦ ਸੀਬੀਆਈ ਨੇ ਉਸ ਨੂੰ ਕਾਬੂ ਕਰ ਲਿਆ।