ਅੰਮ੍ਰਿਤਸਰ : ਮਿੰਨੀ ਸਕੱਤਰੇਤ ਤੋਂ ਚਾਰ ਸੌ ਮੀਟਰ ਦੀ ਦੂਰੀ ’ਤੇ ਕੋਰਟ ਰੋਡ ਸਥਿਤ ਪੰਨੂੰ ਇੰਟਰਨੈਸ਼ਨਲ ’ਚ ਦੇਹ ਵਪਾਰ ਦਾ ਅੱਡਾ ਪਿਛਲੇ ਡੇਢ ਸਾਲ ਤੋਂ ਧੜੱਲੇ ਨਾਲ ਚੱਲ ਰਿਹਾ ਸੀ ਅਤੇ ਕਿਸੇ ਵੀ ਵਿਭਾਗ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਪਿਛਲੇ ਢਾਈ ਮਹੀਨਿਆਂ ਵਿਚ ਪੁਲਿਸ ਪ੍ਰਸ਼ਾਸਨ ਨੇ ਦੋ ਦਰਜਨ ਤੋਂ ਵੱਧ ਸਪਾ ਸੈਂਟਰਾਂ ਅਤੇ ਦੇਹ ਵਪਾਰ ਦੇ ਅੱਡਿਆਂ ’ਤੇ ਛਾਪੇਮਾਰੀ ਕਰਕੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਉੱਚ ਅਧਿਕਾਰੀਆਂ ਨੂੰ ਇਸ ਦੀ ਭਿਨਕ ਤੱਕ ਨਹੀਂ ਲੱਗੀ।ਮਾਮਲੇ 'ਚ ਖਾਸ ਗੱਲ ਇਹ ਹੈ ਕਿ ਸਪਾ ਸੈਂਟਰ ਚਲਾਉਣ ਵਾਲਾ ਮੁੱਖ ਮੁਲਜ਼ਮ ਅਭਿਸ਼ੇਕ ਉਰਫ਼ ਸ਼ੈਂਕੀ ਦੇ ਨਾਲ ਸਰਕਾਰੀ ਸੁਰੱਖਿਆ ਮੁਲਾਜ਼ਮ ਲੈ ਕੇ ਚੱਲਦਾ ਹੈ। ਇਸ ਦੇ ਬਾਵਜੂਦ ਪੁਲਿਸ ਵਿਭਾਗ ਦੇ ਖੂਫ਼ੀਆ ਤੰਤਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਹੁਣ ਸਦਰ ਥਾਣੇ ਦੀ ਪੁਲਿਸ ਨੇ ਪੰਨੂ ਇੰਟਰਨੈਸ਼ਨਲ ’ਤੇ ਛਾਪਾ ਮਾਰ ਕੇ ਕੁੱਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਵਿਨੋਦ ਸ਼ਰਮਾ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਸ਼ੈਂਕੀ ਵਾਸੀ ਹੁਕਮ ਸਿੰਘ ਰੋਡ, ਅਭਿਸ਼ੇਕ ਵਾਸੀ ਕੁਤੁਬਸ਼ੇਦ ਮੁਹੱਲਾ ਸਹਾਰਨਪੁਰ ਉੱਤਰ ਪ੍ਰਦੇਸ਼, ਜਤਿੰਦਰਪਾਲ ਸਿੰਘ ਰਾਘਵ ਵਾਸੀ ਬਾਂਕੇ ਬਿਹਾਰੀ ਗਲੀ, ਵੰਸ਼ ਵਾਸੀ ਇਸਲਾਮਾਬਾਦ, ਅਨਿਲ ਠਾਕੁਰ ਵਾਸੀ ਮੁਸਲਿਮ ਗੰਜ ਵਜੋਂ ਹੋਈ ਹੈ। ਜਦਕਿ ਉਨ੍ਹਾਂ ਦੇ ਨਾਲ ਤਿੰਨ ਲੜਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਨੇ ਕੁਝ ਦਿਨ ਪਹਿਲਾਂ ਬਟਾਲਾ ਰੋਡ ’ਤੇ ਚੱਲ ਰਹੇ ਸਪਾ ਸੈਂਟਰ ’ਤੇ ਛਾਪਾ ਮਾਰਿਆ ਸੀ। ਫੜੇ ਗਏ ਮੁਲਜ਼ਮਾਂ ਤੋਂ ਪਤਾ ਲੱਗਾ ਕਿ ਅਭਿਸ਼ੇਕ ਉਰਫ਼ ਸ਼ੈਂਕੀ ਪੰਨੂੰ ਇੰਟਰਨੈਸ਼ਨਲ ਹੋਟਲ 'ਚ ਵੱਡੇ ਪੱਧਰ 'ਤੇ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ।
ਹਰ ਸਰਕਾਰ ’ਚ ਪੈਂਠ ਬਣਾ ਲੈਂਦਾ ਹੈ ਸ਼ੈਂਕੀ
ਅਭਿਸ਼ੇਕ ਉਰਫ਼ ਸ਼ੈਂਕੀ ਪਿਛਲੇ ਡੇਢ ਸਾਲ ਤੋਂ ਇੱਥੇ ਸਪਾ ਸੈਂਟਰ ਚਲਾ ਰਿਹਾ ਸੀ। ਆਪਣੀ ਸੁਰੱਖਿਆ ਲਈ ਉਸ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵੀ ਲਈ ਸੀ। ਸਰਕਾਰ ਚਾਹੇ ਕਾਂਗਰਸ ਦੀ ਹੋਵੇ ਜਾਂ ਅਕਾਲੀ, ਭਾਜਪਾ ਦੀ ਹੋਵੇ ਜਾਂ ਆਮ ਆਦਮੀ ਪਾਰਟੀ ਦੀ, ਮੁਲਜਮ ਅਭਿਸ਼ੇਕ ਸ਼ੈਂਕੀ ਹਰ ਵਿਧਾਇਕ, ਮੰਤਰੀ ਅਤੇ ਪੁਲਿਸ ਅਫਸਰ ਦੇ ਦਫਤਰ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕਰਨ ਅਤੇ ਫੋਟੋ ਖਿਚਵਾਉਣ ਲਈ ਪਹੁੰਚ ਜਾਂਦਾ ਹੈ।