ਅੰਮ੍ਰਿਤਸਰ : ਅਮਰੀਕਾ ’ਚ ਬੈਠ ਕੇ ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਬਣੇ ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਅਤੇ ਰਮਦਾਸ ਸੈਕਟਰਾਂ 'ਚ 35 ਤੋਂ ਵੱਧ ਸਾਥੀ ਸਰਗਰਮ ਹਨ ਜੋ ਉਸ ਦੇ ਇਕ ਇਸ਼ਾਰੇ 'ਤੇ ਪਾਕਿਸਤਾਨ ਤੋਂ ਹਥਿਆਰਾਂ ਦੀ ਖੇਪ ਭੇਜਣ ਤੋਂ ਲੈ ਕੇ ਕਿਸੇ ਵੀ ਥਾਂ 'ਤੇ ਧਮਾਕਾ ਕਰਨ ਤੱਕ ਪਲਾਂ ਵਿਚ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਦੂਜੇ ਪਾਸੇ ਚੰਡੀਗੜ੍ਹ 'ਚ ਗ੍ਰਨੇਡ ਹਮਲਾ ਕਰਨ ਵਾਲੇ ਰੋਹਨ ਮਸੀਹ ਨੇ ਸ਼ਨਿਚਰਵਾਰ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ 'ਚ ਕਈ ਅਹਿਮ ਭੇਤ ਖੋਲ੍ਹੇ ਜਿਸ 'ਤੇ ਸੁਰੱਖਿਆ ਏਜੰਸੀਆਂ ਕੰਮ ਕਰ ਰਹੀਆਂ ਹਨ।ਜਾਂਚ 'ਚ ਸਾਹਮਣੇ ਆਇਆ ਹੈ ਕਿ ਅੱਤਵਾਦੀ ਹੈਪੀ ਪਸ਼ੀਆਂ ਅਜਿਹੇ ਨੌਜਵਾਨਾਂ ਨੂੰ ਆਪਣੇ ਗੈਂਗ 'ਚ ਫਸਾ ਲੈਂਦਾ ਹੈ ਜੋ ਆਰਥਿਕ ਤੌਰ 'ਤੇ ਕਮਜ਼ੋਰ ਹੁੰਦੇ ਹਨ। ਇੰਨਾ ਹੀ ਨਹੀਂ ਕਈ ਪੂਰੀ ਤਰ੍ਹਾਂ ਬੇਰੁਜ਼ਗਾਰ ਨੌਜਵਾਨ ਉਸ ਦਾ ਨਿਸ਼ਾਨਾ ਹਨ। ਇਸ ਤੋਂ ਬਾਅਦ ਉਹ ਮੋਬਾਈਲ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਦਾ ਹੈ•। ਖ਼ੁਫ਼ੀਆ ਸ਼ਾਖਾ ਦੇ ਅਧਿਕਾਰੀ ਨੇ ਦੱਸਿਆ ਕਿ ਰੋਹਨ ਨੂੰ ਧਮਾਕਾ ਕਰਨ ਦੇ ਬਦਲੇ ਪਾਸ਼ੀਆਂ ਨੇ 10,000 ਰੁਪਏ ਦਿੱਤੇ ਸਨ। ਇਸ ਸਾਲ ਮਈ ਮਹੀਨੇ ਵਿਚ ਗਗਨ, ਗੁਰਭਿੰਦਰ ਅਜਨਾਲਾ ਸਮੇਤ ਤਿੰਨ ਵਿਅਕਤੀਆਂ ਨੂੰ 5 ਹਜ਼ਾਰ ਰੁਪਏ ਦੇ ਕੇ ਦੋ ਪਿਸਤੌਲਾਂ ਨੂੰ ਠਿਕਾਣੇ ਲਗਾਉਂਣ ਦਾ ਕੰਮ ਸੌਂਪਿਆ ਗਿਆ ਸੀ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਤਿੰਨੋਂ ਬੱਕਰੀਆਂ ਚਾਰਦੇ ਸਨ।
ਪਾਸ਼ੀਆਂ ਦੀ ਭੈਣ ਦੀ ਜਾਰੀ ਹੈ ਐੱਲਓਸੀ
ਪਤਾ ਲੱਗਾ ਹੈ ਕਿ ਹੈਪੀ ਪਾਸ਼ੀਆਂ ਦੀ ਮਾਤਾ ਭੁਪਿੰਦਰ ਕੌਰ ਅਤੇ ਭੈਣ ਨਵਨੀਤ ਕੌਰ ਇਸ ਸਮੇਂ ਪਿੰਡ ਪਾਸ਼ੀਆਂ ਵਿਖੇ ਰਹਿ ਰਹੀਆਂ ਹਨ। ਕੁਝ ਸਮਾਂ ਪਹਿਲਾਂ ਪਾਸ਼ੀਆਂ ਨਵਨੀਤ ਨੂੰ ਵਿਦੇਸ਼ ਬੁਲਾਉਂਣ ਦੀ ਯੋਜਨਾ ਬਣਾ ਰਿਹਾ ਸੀ ਪਰ ਕਿਸੇ ਪੁਰਾਣੇ ਮਾਮਲੇ ਵਿਚ ਪੁਲਿਸ ਨੇ ਉਸ ਦੀ ਭੈਣ ਖ਼ਿਲਾਫ਼ ਪਹਿਲਾਂ ਹੀ ਐੱਲਓਸੀ ਜਾਰੀ ਕੀਤੀ ਹੈ ਜਿਸ ਨੂੰ ਪੁਲਿਸ ਨੇ ਏਅਰਪੋਰਟ 'ਤੇ ਰੋਕ ਲਿਆ ਸੀ। ਪਤਾ ਲੱਗਾ ਹੈ ਕਿ ਰੋਹਨ ਦੀ ਗਿ੍ਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੈਪੀ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨ ਜਾ ਰਹੀਆਂ ਹਨ।
ਜਾਇਦਾਦ ਦਾ ਮੁਲਾਂਕਣ ਕਰਨ ਜਾ ਰਹੀਆਂ ਏਜੰਸੀਆਂ
ਹੈਪੀ ਪਾਸ਼ੀਆਂ ਦੇ ਨਿਰਦੇਸ਼ਾਂ 'ਤੇ ਉਸ ਦੇ ਸਾਥੀ ਪੰਜਾਬ ਭਰ 'ਚ ਫਿਰੌਤੀ ਵਸੂਲਣ ਦਾ ਕੰਮ ਕਰ ਰਹੇ ਹਨ। ਪਤਾ ਲੱਗਾ ਹੈ ਕਿ ਹੈਪੀ ਦੀ ਸੁਰੱਖਿਆ ਏਜੰਸੀਆਂ ਹੈਪੀ ਅਤੇ ਉਸ ਦੇ ਕਰੀਬੀਆਂ ਦੀਆਂ ਜਾਇਦਾਦਾਂ ਦਾ ਮੁਲਾਂਕਣ ਕਰਨ ਵਿਚ ਰੁੱਝੀਆਂ ਹੋਈਆਂ ਹਨ ਤਾਂ ਜੋ ਆਉਂਣ ਵਾਲੇ ਦਿਨਾਂ ਵਿਚ ਇਨ੍ਹਾਂ ਨੂੰ ਫ੍ਰੀਜ਼ ਕੀਤਾ ਜਾ ਸਕੇ। ਦੱਸ ਦੇਈਏ ਕਿ ਹੈਪੀ ਪਾਸ਼ੀਆਂ ਦੇ ਸਾਥੀ ਮਾਝਾ ਜ਼ੋਨ ਦੇ ਕਈ ਕਾਰੋਬਾਰੀਆਂ ਅਤੇ ਡਾਕਟਰਾਂ ਦੇ ਘਰਾਂ ਦੇ ਬਾਹਰ ਗੋਲੀਆਂ ਚਲਾ ਕੇ ਕਰੋੜਾਂ ਰੁਪਏ ਦੀ ਲੁੱਟ ਕਰ ਰਹੇ ਹਨ। ਇਸ ਪਹਿਲੂ ਨੂੰ ਦੇਖਦੇ ਹੋਏ ਕਈ ਨਜ਼ਦੀਕੀਆਂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਵਿੱਤੀ ਜਾਂਚ ਹੋਣ ਜਾ ਰਹੀ ਹੈ।