ਬਰਨਾਲਾ, 16 ਸਤੰਬਰ (ਬਘੇਲ ਸਿੰਘ ਧਾਲੀਵਾਲ)-ਅੱਜ ਸੋਮਵਾਰ ਨੂੰ ਹਾਈਕੋਰਟ ਨੇ ਬਰਨਾਲਾ ਨਗਰ ਕੌਂਸਲ ਸਬੰਧੀ ਇੱਕ ਬੇਹੱਦ ਅਹਿਮ ਫੈਸਲੇ ਵਿੱਚ ਸੱਤਾਧਾਰੀ ਧਿਰ ਨੂੰ ਜਬਰਦਸਤ ਝਟਕਾ ਦਿੰਦਿਆਂ ਗੁਰਜੀਤ ਸਿੰਘ ਔਲਖ ਰਾਮਣਵਾਸੀਆ ਦੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਵਜੋ ਉਹਨਾਂ ਦੀ ਪ੍ਰਧਾਨਗੀ ਨੂੰ ਬਹਾਲ ਕਰ ਦਿੱਤਾ ਹੈ, ਹਾਈਕੋਰਟ ਦੇ ਇਸ ਫ਼ੈਸਲੇ ਨਾਲ ਜਿੱਥੇ ਕਾਂਗਰਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਸੱਤਾਧਿਰ ਆਮ ਆਦਮੀ ਪਾਰਟੀ ਦੇ ਆਗੂਆਂ ’ਚ ਨਮੋਸ਼ੀ ਦਾ ਆਲਮ ਹੈ। ਗੁਰਜੀਤ ਸਿੰਘ ਰਾਮਨਵਾਸੀਆ ਦੇ ਹੱਕ ’ਚ ਫੈਸਲਾ ਆਉਂਦਿਆਂ ਹੀ ਕਾਂਗਰਸੀਆਂ ਵੱਲੋਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ। ਉੱਧਰ ਗੁਰਜੀਤ ਸਿੰਘ ਰਾਮਨਵਾਸੀਆ ਨੂੰ ਇਸ ਖੁਸ਼ੀ ਦੇ ਮੌਕੇ ’ਤੇ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਫੋਨ ਕਰਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਫ਼ੈਸਲੇ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਗੁਰਜੀਤ ਸਿੰਘ ਰਾਮਨਿਵਾਸੀਆ ਨੇ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕੀਤਾ, ਉੱਥੇ ਹੀ ਕਿਹਾ ਕਿ ਮੈਨੂੰ ਆਸ ਹੈ ਕਿ ਸੱਤਾਧਾਰੀ ਧਿਰ ਹੁਣ ਮੇਰੇ ਕੰਮਾਂ ’ਚ ਅੜਿੱਕਾ ਬਣਨ ਦੀ ਬਜਾਏ ਸ਼ਹਿਰ ਦੇ ਵਿਕਾਸ ਲਈ ਮੈਨੂੰ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀ,ਅਸੀ ਸੱਚੇ ਸੀ ਤੇ ਅਕਾਲ ਪੁਰਖ ਨੇ ਸਾਡਾ ਸਾਥ ਦਿੱਤਾ ਹੈ।ਉਹਨਾਂ ਕਿਹਾ ਕਿ ਅੱਜ ਮੇਰੀ ਨਹੀ ਸਗੋਂ ਸੱਚਾਈ ਦੀ ਜਿੱਤ ਹੋਈ ਹੈ, ਇਹ ਸਭ ਕੁੱਝ ਉਸ ਪ੍ਰਮਾਤਮਾ ਦੀ ਮਿਹਰ ਨਾਲ ਹੋਇਆ ਹੈ, ਜਿਸ ਲਈ ਮੈਂ ਉਸਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਜ਼ਿਕਰਯੋਗ ਹੈ ਕਿ ਬੀਤੇ ਸਾਲ 10 ਅਕਤੂਬਰ 2023 ਨੂੰ ਸੱਤਾਧਾਰੀ ਧਿਰ ਨੇ ਆਪਣੇ ਪ੍ਰਭਾਵ ਨਾਲ ਗੁਰਜੀਤ ਸਿੰਘ ਰਾਮਨਵਾਸੀਆ ’ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਹਨਾਂ ਨੂੰ ਅਹੁਦੇ ਤੋਂ ਹਟਵਾ ਦਿੱਤਾ ਗਿਆ ਸੀ ਅਤੇ 17 ਅਕਤੂਬਰ 2023 ਨੂੰ ਆਮ ਆਦਮੀ ਪਾਰਟੀ ਦੇ ਕੌਂਸਲਰ ਰੁਪਿੰਦਰ ਸਿੰਘ ਬੰਟੀ ਨੂੰ ਪ੍ਰਧਾਨ ਚੁਣੇ ਜਾਣ ਲਿਆ ਗਿਆ ਸੀ।ਜਦੋਂਕਿ ਗੁਰਜੀਤ ਸਿੰਘ ਰਾਮਨਵਾਸੀਆ ਨੇ ਰੁਪਿੰਦਰ ਬੰਟੀ ਨੂੰ ਪ੍ਰਧਾਨ ਚੁਣੇ ਜਾਣ ਦੀ ਪ੍ਰਕਿਰਿਆ ਨੂੰ ਨਿਯਮਾਂ ਦੇ ਉਲਟ ਅਤੇ ਧੱਕੇਸ਼ਾਹੀ ਦੱਸਿਆ ਸੀ ਅਤੇ ਇਸ ਧੱਕੇਸ਼ਾਹੀ ਦੇ ਖਿਲਾਫ ਹਾਈਕੋਰਟ ਪਟੀਸ਼ਨ ਦਾਇਰ ਕਰ ਦਿੱਤੀ ਸੀ,ਜਿਸ ਤੋ ਤੁਰੰਤ ਕਾਰਵਾਈ ਕਰਦਿਆਂ ਹਾਈਕੋਰਟ ਨੇ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਵੱਡੀ ਰਾਹਤ ਦਿੰਦਿਆਂ ਉਸੇ ਦਿਨ17 ਅਕਤੂਬਰ ਨੂੰ ਹੀ ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ‘ਤੇ ਰੋਕ ਲਾ ਦਿੱਤੀ ਸੀ।ਹਾਈਕੋਰਟ ਦੇ ਉਪਰੋਕਤ ਫੈਸਲੇ ਕਾਰਨ ਆਮ ਆਦਮੀ ਪਾਰਟੀ ਦੀਆਂ ਲੱਡੂ ਵੰਡ ਕੇ ਮਨਾਈਆਂ ਜਾ ਰਹੀਆਂ ਖੁਸ਼ੀਆਂ ਵੀ ਅਧਵਾਟੇ ਰਹਿ ਗਈਆਂ ਸਨ ਅਤੇ ਸੱਤਾ ਧਿਰ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਸੀ।ਹੁਣ ਇੱਕ ਵਾਰ ਫਿਰ ਸੱਤਾ ਧਿਰ ਨੂੰ ਹਾਈ ਕੋਰਟ ਦੇ ਇਸ ਅੰਤਮ ਫੈਸਲੇ ਨਾਲ ਕਾਰਾਰਾ ਝਟਕਾ ਲੱਗਾ ਹੈ।ਹਾਈਕੋਰਟ ਦੇ ਇਸ ਵਕਾਰੀ ਫੈਸਲੇ ਤੇ ਤਸੱਲੀ ਪ੍ਰਗਟ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ,ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ,ਜਿਲਾ ਪ੍ਰੀਸ਼ਦ ਦੇ ਮੈਂਬਰ ਭੁਪਿੰਦਰ ਸਿੰਘ ਝਲੂਰ,ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸੂਰਤ ਸਿੰਘ ਵਾਜਬਾ ਅਤੇ ਜਸਮੇਲ ਸਿੰਘ ਡੇਅਰੀ ਵਾਲਾ ਆਦਿ ਆਗੂਆਂ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਸੱਚ ਅਤੇ ਝੂਠ ਦਾ ਨਿਤਾਰਾ ਕਰ ਦਿੱਤਾ ਹੈ,ਜਿਸ ਨਾਲ ਸੱਤਾ ਧਿਰ ਵੱਲੋਂ ਕੀਤੀ ਧੱਕੇਸ਼ਾਹੀ ਤੇ ਪੂਰਨ ਵਿਰਾਮ ਲੱਗ ਗਿਆ ਹੈ।ਉਹਨਾਂ ਆਸ ਪ੍ਰਗਟਾਈ ਕਿ ਬਰਨਾਲਾ ਸਹਿਰ ਦੇ ਵਿਕਾਸ਼ ਲਈ ਸਾਰੇ ਹੀ ਚੁਣੇ ਹੋਏ ਨੁਮਾਇੰਦੇ ਹੁਣ ਪ੍ਰਧਾਨ ਗੁਰਜੀਤ ਸਿੰਘ ਦਾ ਸਾਥ ਦੇਣਗੇ ਅਤੇ ਰੁਕੇ ਹੋਏ ਵਿਕਾਸ਼ ਦੇ ਕੰਮ ਦੁਵਾਰਾ ਤੋ ਚੱਲ ਸਕਣਗੇ।